ਪੰਜਾਬ ਅੰਮ੍ਰਿਤਸਰ ’ਚ 16 ਤੇ 17 ਨੂੰ ਹੋਣਗੇ ‘ਰਾਮ’ ਲਾਈਵ ਸ਼ੋਅ/ ਵਿਧਾਇਕ ਅਜੇ ਗੁਪਤਾ ਨੇ ਦਿੱਤੀ ਜਾਣਕਾਰੀ/ ਪੰਜਾਬ ਦੇ 12 ਸ਼ਹਿਰਾਂ ਅੰਦਰ ਹੋਣਗੇ 41 ਸ਼ੋਅ By admin - September 13, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ‘ਰਾਮ’ ਲਾਈਵ ਸ਼ੋਅ ਸਬੰਧੀ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਅਜੇ ਗੁਪਤਾ ਨੇ ਪ੍ਰੋਗਰਾਮ ਦੀ ਸਮਾਂ-ਸਾਰਣੀ ਅਤੇ ਪਾਸ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵਿਧਾਇਕ ਅਜੇ ਗੁਪਤਾ ਨੇ ਦੱਸਿਆ ਕਿ ਪੰਜਾਬ ਦੇ 12 ਸ਼ਹਿਰਾਂ ਵਿੱਚ ਕੁੱਲ 41 ਸ਼ੋਅ ਕਰਵਾਏ ਜਾਣਗੇ। ਅੰਮ੍ਰਿਤਸਰ ਵਿੱਚ ਇਹ ਲਾਈਵ ਸ਼ੋਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ 16 ਅਤੇ 17 ਸਤੰਬਰ ਨੂੰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੋਵੇਂ ਦਿਨ ਰੋਜ਼ਾਨਾ ਦੋ ਸ਼ੋਅ ਹੋਣਗੇ। ਪਹਿਲਾ ਸ਼ੋਅ ਦੁਪਹਿਰ 2 ਵਜੇ ਤੋਂ ਸ਼ਾਮ 5:30 ਵਜੇ ਤੱਕ, ਜਦਕਿ ਦੂਜਾ ਸ਼ੋਅ ਸ਼ਾਮ 6:30 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਹਰ ਸ਼ੋਅ ਦੀ ਮਿਆਦ ਲਗਭਗ ਸਾਢੇ ਤਿੰਨ ਘੰਟੇ ਹੋਵੇਗੀ। ਦਸ਼ਮੇਸ਼ ਆਡੀਟੋਰੀਅਮ ਦੀ ਸਮਰੱਥਾ ਲਗਭਗ 700 ਤੋਂ 750 ਦਰਸ਼ਕਾਂ ਦੀ ਹੈ। ਵਿਧਾਇਕ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਪਾਸ ਸਨਾਤਨ ਸੇਵਾ ਸਮਿਤੀ, ਵਿਧਾਇਕਾਂ ਦੇ ਦਫ਼ਤਰਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਲੋਕ ਪਲੇ ਸਟੋਰ ਤੋਂ BookMyShow ਐਪ ਡਾਊਨਲੋਡ ਕਰਕੇ ਆਨਲਾਈਨ ਵੀ ਮੁਫ਼ਤ ਪਾਸ ਬਣਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰੇ ਪਾਸ ਅਤੇ ਸ਼ੋਅ ਬਿਲਕੁਲ ਮੁਫ਼ਤ ਹਨ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਵਿਧਾਇਕ ਅਜੇ ਗੁਪਤਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ, ਸੱਚਾਈ, ਤਿਆਗ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਭਾਈਚਾਰਕ ਸਾਂਝ ਤੇ ਬਰਾਬਰੀ ਦੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਰਿਵਾਰਕ ਲਾਈਵ ਸ਼ੋਅ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।