ਲੁਧਿਆਣਾ ’ਚ ਬੱਚੀ ਨੂੰ ਅਗਵਾ ਦੀ ਕੋਸ਼ਿਸ਼ ਨਾਕਾਮ/ ਮਾਂ ਤੇ ਨਾਨੀ ਦੀ ਬਹਾਦਰੀ ਕਾਰਨ ਦੋ ਸ਼ੱਕੀ ਕਾਬੂ/ ਪਿਤਾ ਤੇ ਦਾਦੇ ਨੇ ਰਚੀ ਸੀ ਅਗਵਾ ਦੀ ਸਾਜ਼ਿਸ਼

0
2

ਲੁਧਿਆਣਾ ਦੇ ਥਾਣਾ ਹੈਬੋਵਾਲ ਖੇਤਰ ’ਚ ਬੱਚੀ ਨੂੰ ਅਗਵਾ ਕਰਨ ਦੀ ਕਥਿਤ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬੱਚੀ ਦੀ ਮਾਂ ਅਤੇ ਨਾਨੀ ਦੀ ਬਹਾਦਰੀ ਸਦਕਾ ਦੋ ਸ਼ੱਕੀ ਮੌਕੇ ‘ਤੇ ਹੀ ਫੜੇ ਗਏ। ਮੁਢਲੀ ਪੁਲਿਸ ਜਾਂਚ ਮੁਤਾਬਕ ਫੜੇ ਗਏ ਮੁਲਜਮ ਕਾਫੀ ਸਮੇਂ ਤੋਂ ਪਰਿਵਾਰ ਤੇ ਬੱਚੀ ਦੀ ਰੇਕੀ ਕਰ ਰਹੇ ਸਨ। ਫੜੇ ਗਏ ਮੁਲਜ਼ਮਾਂ ਦਾ ਇਕਸਾਫ ਮੁਤਾਬਕ ਉਨ੍ਹਾਂ ਨੂੰ ਬੱਚੀ ਦੇ ਪਿਤਾ ਤੇ ਦਾਦੇ ਵੱਲੋਂ ਅਗਵਾ ਲਈ ਭੇਜਿਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਾਂਚ ਦੋਵੇਂ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਬੱਚੀ ਅਤੇ ਉਸ ਦੇ ਪਰਿਵਾਰ ਦੀ ਰੇਕੀ ਕਰ ਰਹੇ ਸਨ। ਸਕੂਲ ਛੱਡਣ ਦੌਰਾਨ ਬੱਚੀ ਦੀ ਮਾਂ ਅਤੇ ਨਾਨੀ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਜਾਂਦੀਆਂ ਸਨ। ਬੱਚੀ ਦੀ ਮਾਂ ਅਨੁਪ੍ਰਿਯਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਜਦੋਂ ਉਹ ਆਪਣੀ ਮਾਂ ਨਾਲ ਧੀ ਹੇਜ਼ਲ ਨੂੰ ਸਕੂਲ ਛੱਡਣ ਜਾਂਦੀ ਸੀ ਤਾਂ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਦੇ ਅਤੇ ਫੋਟੋਆਂ ਖਿੱਚਦੇ ਸਨ।
ਬੀਤੇ ਦਿਨ ਵੀ 3-4 ਸ਼ੱਕੀ ਉਨ੍ਹਾਂ ਦੇ ਘਰ ਦੇ ਆਸ-ਪਾਸ ਪਹੁੰਚੇ, ਜਿਨ੍ਹਾਂ ਵਿਚੋਂ ਚਿੱਟੇ ਰੰਗ ਦੀ ਐਕਟਿਵਾ ‘ਤੇ ਸਵਾਰ ਦੋ ਨੌਜਵਾਨ ਘਰ ਦੇ ਬਾਹਰ ਰੁਕ ਗਏ। ਬੱਚੀ ਦੀ ਨਾਨੀ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਨੇਘਬਰਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨਾਨੀ ਨੇ ਬਹਾਦਰੀ ਦਿਖਾਉਂਦੇ ਹੋਏ ਉਨ੍ਹਾਂ ਦੀ ਐਕਟਿਵਾ ਦੀ ਚਾਬੀ ਕੱਢ ਲਈ ਅਤੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਫੜੇ ਗਏ ਨੌਜਵਾਨਾਂ ਦੀ ਪਛਾਣ ਓਮਕਾਰ ਸਿੰਘ ਨਿਵਾਸੀ ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ ਅਤੇ ਤੇਜਪਾਲ ਸਿੰਘ ਨਿਵਾਸੀ ਨਿਊ ਸ਼ਿਮਲਾਪੁਰੀ ਵਜੋਂ ਹੋਈ ਹੈ। ਪੁਲਿਸ ਪੁੱਛਗਿੱਛ ਦੌਰਾਨ ਦੋਵਾਂ ਨੇ ਅਨੁਪ੍ਰਿਯਾ ਦੇ ਪਤੀ ਅਮਨਦੀਪ ਸ਼ਰਮਾ ਅਤੇ ਸਹੁਰੇ ਹੇਮਰਾਜ ਸ਼ਰਮਾ ਵੱਲੋਂ ਅਗਵਾ ਲਈ ਭੇਜਣ ਦਾ ਇਕਸਾਫ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਓਮਕਾਰ ਸਿੰਘ, ਤੇਜਪਾਲ ਸਿੰਘ, ਅਮਨਦੀਪ ਸ਼ਰਮਾ, ਅਵਤਾਰ ਕੌਰ ਅਤੇ ਹੇਮਰਾਜ ਸ਼ਰਮਾ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 140(3), 3(5) ਅਤੇ 62 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here