ਤਰਨ ਤਾਰਨ ਪੁਲਿਸ ਵੱਲੋਂ ਮੁਲਜ਼ਮ ਦਾ ਐਨਕਾਊਟਰ/ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਚ ਕੀਤਾ ਗ੍ਰਿਫਤਾਰ/ ਪੁਲਿਸ ਵੱਲੋਂ ਦਰਜ ਮੁਕਾਬਲੇ ’ਚ ਲੋੜੀਂਦਾ ਸੀ ਮੁਲਜ਼ਮ

0
2

ਤਰਨ ਤਾਰਨ ਪੁਲਿਸ ਨੇ ਫਾਇਰਿੰਗ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਮੰਗਲ ਸਿੰਘ ਵਾਸੀ ਮੁਰਾਦਪੁਰਾ ਵਜੋਂ ਹੋਈ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜ਼ਮ ਪੁਲਿਸ ਉਤੇ ਫਾਇਰਿੰਗ ਮਾਮਲੇ ਵਿਚ ਲੋੜੀਂਦਾ ਸੀ। ਪੁਲਿਸ ਨੂੰ ਮੁਲਜ਼ਮ ਦੇ ਮੁਰਾਦਪੁਰਾ ਇਲਾਕੇ ਵਿਚ ਮੌਜੂਦ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਦੱਸਣ ਮੁਤਾਬਕ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਮੁਲਜ਼ਮ ਦੇ ਇਲਾਕੇ ਵਿਚ ਮੌਜੂਦ ਹੋਣ ਦੀ ਸੂਹ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦਾ ਪਿੱਛਾ ਕੀਤਾ ਗਿਆ। ਕਾਰਵਾਈ ਦੌਰਾਨ ਮੁਲਜ਼ਮ ਨੇ ਪੈਟਰੋਲ ਪੰਪ ਨੇੜੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਦੇ ਸਮੇਂ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹ ਡਿੱਗ ਪਿਆ। ਇਸ ਤੋਂ ਬਾਅਦ ਮੁਲਜ਼ਮ ਵੱਲੋਂ ਨਾਜਾਇਜ਼ ਹਥਿਆਰ ਨਾਲ ਪੁਲਿਸ ਪਾਰਟੀ ’ਤੇ ਫਾਇਰਿੰਗ ਕੀਤੀ ਗਈ। ਪੁਲਿਸ ਪਾਰਟੀ ਵੱਲੋਂ ਪਹਿਲਾਂ ਚੇਤਾਵਨੀ ਦਿੱਤੀ ਗਈ ਅਤੇ ਜਦੋਂ ਮੁਲਜ਼ਮ ਵੱਲੋਂ ਫਾਇਰਿੰਗ ਜਾਰੀ ਰੱਖੀ ਗਈ ਤਾਂ ਪੁਲਿਸ ਵੱਲੋਂ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਗਈ।
ਮੁਕਾਬਲੇ ਦੌਰਾਨ ਮੁਲਜ਼ਮ ਨੂੰ 2 ਗੋਲੀਆਂ ਲੱਗੀਆਂ, ਜਿਸ ਉਪਰੰਤ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਨਵਾਂ ਮੁਕੱਦਮਾ ਨੰਬਰ 246 ਮਿਤੀ 12.09.2026 ਧਾਰਾ 109 BNS ਅਤੇ 25/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ। ਮੁਲਜ਼ਮ ਪਹਿਲਾਂ ਤੋਂ ਹੀ ਇੱਕ ਅਜਿਹੇ ਮਾਮਲੇ ਵਿੱਚ ਲੋੜੀਂਦਾ ਸੀ, ਜਿਸ ਵਿੱਚ ਪੁਲਿਸ ਪਾਰਟੀ ’ਤੇ ਫਾਇਰਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।
ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਮੁਲਜ਼ਮ ਦੀ ਪੂਰੀ ਭੂਮਿਕਾ, ਨਾਜਾਇਜ਼ ਹਥਿਆਰ ਦੇ ਸਰੋਤ ਅਤੇ ਉਸਦੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਮਾਮਲੇ ਨਾਲ ਸਬੰਧਤ ਹੋਰ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੀ ਕਾਰਵਾਈ ਜਾਰੀ ਹੈ। ਤਰਨ ਤਾਰਨ ਪੁਲਿਸ ਅਪਰਾਧੀਆਂ, ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਅਤੇ ਪੁਲਿਸ ’ਤੇ ਹਮਲੇ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here