ਪੰਜਾਬ ਪੁਲਿਸ ਦਾ ਸੰਗਠਿਤ ਅਪਰਾਧ ਮਾਮਲੇ ’ਚ ਐਕਸ਼ਨ/ ਖਤਰਨਾਕ ਭਗੌੜੇ ਅਪਰਾਧੀ ਦੀ ਯੂਰਪ ਤੋਂ ਹਲਾਵਲੀ/ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਨੂੰ ਲਿਆਂਦਾ ਭਾਰਤ

0
2

 

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਟ੍ਰਾਂਸਨੈਸ਼ਨਲ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਸਾਥੀ ਅਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਲਮ ਨੂੰ ਰਿਪਬਲਿਕ ਆਫ਼ ਮੋਲਡੋਵਾ ਤੋਂ ਭਾਰਤ ਲਿਆਉਣ ਲਈ ਹਵਾਲਗੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਕਰਵਾਈ ਗਈ ਇਹ ਪਹਿਲੀ ਹਵਾਲਗੀ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਅਪਰਾਧੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਣ, ਉਨ੍ਹਾਂ ਨੂੰ ਕਾਨੂੰਨ ਦੇ ਸਾਹਮਣੇ ਲਿਆਉਣ ਲਈ ਪੁਲਿਸ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈ ਜਾਰੀ ਰਹੇਗੀ।
ਵਾਪਸ ਲਿਆਂਦੇ ਅਪਰਾਧੀ ਅੰਮ੍ਰਿਤਪਾਲ ਸਿੰਘ ਕਤਲ, ਕਤਲ ਦੀ ਕੋਸ਼ਿਸ਼, UAPA, ਆਰਮਜ਼ ਐਕਟ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਅਨੁਸਾਰ ਇਹ ਕਾਰਵਾਈ ਸੰਗਠਿਤ ਅਪਰਾਧ ਅਤੇ ਵਿਦੇਸ਼ਾਂ ਵਿੱਚ ਲੁਕੇ ਭਗੌੜੇ ਅਪਰਾਧੀਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।  ਛੇ ਮਹੀਨਿਆਂ ਤੱਕ ਚੱਲੀ ਖੁਫੀਆ ਜਾਣਕਾਰੀ-ਅਧਾਰਿਤ ਅੰਤਰਰਾਸ਼ਟਰੀ ਮੁਹਿੰਮ ‘ਆਪਰੇਸ਼ਨ ਈਸਟਰਨ ਰੀਚ’ ਤਹਿਤ ਇਹ ਕਾਰਵਾਈ ਕੀਤੀ ਗਈ।
AGTF ਪੰਜਾਬ ਅਤੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ (OFTEC) ਪੰਜਾਬ ਵੱਲੋਂ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਨਜ਼ਦੀਕੀ ਤਾਲਮੇਲ ਅਤੇ ਲਗਾਤਾਰ ਨਿਗਰਾਨੀ ਰਾਹੀਂ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਗਿਆ। ਡੀ.ਜੀ.ਪੀ. ਪੰਜਾਬ ਵੱਲੋਂ AGTF ਪੰਜਾਬ ਅਤੇ OFTEC ਪੰਜਾਬ ਦੀਆਂ ਲਗਾਤਾਰ ਅਤੇ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਮੋਲਡੋਵਾ ਅਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ, IPCU-CBI, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here