ਨਹੀਂ ਰਹੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ/ ਹਸਪਤਾਲ ’ਚ ਇਲਾਜ ਦੌਰਾਨ ਲਿਆ ਆਖਰੀ ਸਾਹ/ ਜਲੰਧਰ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ

0
2

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਨਹੀਂ ਰਹੇ। ਉਨ੍ਹਾਂ ਨੇ ਨਿੱਜੀ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸਿਆਸੀ ਜਗਤ ਅੰਦਰ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਉਹ ਸਾਹ ਲੈਣ ਵਿਚ ਮੁਸ਼ਕਲ ਦੇ ਚਲਦਿਆਂ ਕੁਝ ਸਮੇਂ ਤੋਂ ਬਿਮਾਰ ਸਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦੁਪਹਿਰ 12:30 ਵਜੇ ਆਖਰੀ ਸਾਹ ਲਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ 5 ਵਜੇ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਧਰ ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਸਤਿਕਾਰ ਵਜੋਂ ਪੰਜਾਬ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਭਾਜਪਾ ਦੇ ਦਿੱਗਜ ਆਗੂ ਭਗਤ ਚੁੰਨੀ ਲਾਲ 2012 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਵਣਜੀਵ ਅਤੇ ਕਿਰਤ ਵਰਗੇ ਕਈ ਅਹਿਮ ਵਿਭਾਗਾਂ ਦੇ ਮੰਤਰੀ ਰਹੇ। ਉਹ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ (ਪਹਿਲਾਂ ਜਲੰਧਰ ਦੱਖਣੀ) ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।
ਭਗਤ ਚੁੰਨੀ ਲਾਲ ਆਪਣੇ ਪਿੱਛੇ ਚਾਰ ਧੀਆਂ ਅਤੇ ਚਾਰ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਪੁੱਤਰ ਮੋਹਿੰਦਰ ਭਗਤ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਦੇਸ਼ ਦੀ ਵੰਡ ਵੇਲੇ ਉਹ ਪਾਕਿਸਤਾਨ ਦੇ ਸਿਆਲਕੋਟ ਤੋਂ ਭਾਰਤ ਆਏ ਸਨ ਅਤੇ ਇੱਥੇ ਖੇਡਾਂ ਦਾ ਸਾਮਾਨ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਪੋਤਾ ਕ੍ਰਿਸ਼ ਭਗਤ ਇੱਕ ਕ੍ਰਿਕਟਰ ਹੈ, ਜੋ ਇਸੇ ਸਾਲ ਅਪਰੈਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕਾ ਹੈ।

LEAVE A REPLY

Please enter your comment!
Please enter your name here