ਫਰੀਦਕੋਟ ਸਿਹਤ ਵਿਭਾਗ ਦਾ ਸੈਂਟਰ ’ਤੇ ਐਕਸ਼ਨ/ ਡਾਕਟਰ ਦੀ ਗੈਰਹਾਜ਼ਰੀ ’ਚ ਕੀਤਾ ਗਿਆ ਟੈਸਟ/ ਅਲਟਰਾਸਾਊਂਡ, ਸਿਟੀ ਸਕੈਨ ਤੇ ਹੋਰ ਮਸ਼ੀਨਾਂ ਸੀਲ

0
3

ਫਰੀਦਕੋਟ ਦੀ ਸਾਦਿਕ ਰੋਡ ’ਤੇ ਸਥਿਤ ਹੋਪ ਏ ਵਨ ਸੈਂਟਰ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਦੀ ਪੀ.ਐਨ.ਡੀ.ਟੀ. ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਟੈਸਟਾਂ ਨਾਲ ਸਬੰਧਤ ਡਾਕਟਰ ਦੀ ਗੈਰਹਾਜ਼ਰੀ ਪਾਏ ਜਾਣ ਤੋਂ ਬਾਅਦ ਸੈਂਟਰ ਵਿੱਚ ਅਲਟਰਾਸਾਊਂਡ, ਸਿਟੀ ਸਕੈਨ ਸਮੇਤ ਕੁਝ ਹੋਰ ਮਸ਼ੀਨਾਂ ਵਾਲੇ ਕਮਰਿਆਂ ਨੂੰ ਆਰਜ਼ੀ ਤੌਰ ’ਤੇ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੈਂਟਰ ਵਿੱਚ ਕੰਮ ਕਰ ਰਹੇ ਐਮ.ਡੀ. ਰੇਡੀਓਲੋਜਿਸਟ ਡਾਕਟਰ ਵੱਲੋਂ ਕੁਝ ਦਿਨ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਸੈਂਟਰ ਵਿੱਚ ਟੈਸਟ ਕੀਤੇ ਜਾਣ ਸਬੰਧੀ ਸਿਹਤ ਵਿਭਾਗ ਨੂੰ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਟੀਮ ਵੱਲੋਂ ਕਾਰਵਾਈ ਕੀਤੀ ਗਈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰੂਟੀਨ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਡਾਕਟਰ ਦੀ ਗੈਰਹਾਜ਼ਰੀ ਸਾਹਮਣੇ ਆਉਣ ’ਤੇ ਕੁਝ ਟੈਸਟਾਂ ਨਾਲ ਸਬੰਧਤ ਮਸ਼ੀਨਾਂ ਵਾਲੇ ਕਮਰਿਆਂ ਨੂੰ ਆਰਜ਼ੀ ਤੌਰ ’ਤੇ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿਭਾਗ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਡਾਕਟਰ ਦੀ ਗੈਰਹਾਜ਼ਰੀ ਦੌਰਾਨ ਕਿੰਨੇ ਸਿਟੀ ਸਕੈਨ, ਅਲਟਰਾਸਾਊਂਡ ਅਤੇ ਹੋਰ ਟੈਸਟ ਕੀਤੇ ਗਏ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਕਿਸ ਡਾਕਟਰ ਦੇ ਦਸਤਖ਼ਤਾਂ ਹੇਠ ਜਾਰੀ ਕੀਤੀਆਂ ਗਈਆਂ। ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here