ਸ੍ਰੀ ਦਰਬਾਰ ਸਾਹਿਬ ਪਰਿਕਰਮਾਂ ’ਚ ਬੇਅਦਬੀ ਦਾ ਮਾਮਲਾ/ ਐਸਜੀਪੀਸੀ ਪ੍ਰਧਾਨ ਧਾਮੀ ਵੱਲੋਂ ਘਟਨਾ ’ਤੇ ਦੁੱਖ ਪ੍ਰਗਟ/ ਐਸਜੀਪੀਸੀ ਮੁਲਾਜ਼ਮਾਂ ਦੀ ਮੁਸ਼ਤੈਦੀ ਦੀ ਕੀਤੀ ਸ਼ਲਾਘਾ

0
2

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਉਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਐਸਜੀਪੀਸੀ ਦੀ ਪ੍ਰਬੰਧਕੀ ਚੌਕਸੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀ ਨੂੰ ਛੇਤੀ ਕਾਬੂ ਕੀਤਾ ਜਾ ਸਕਿਆ ਹੈ। ਮੁਲਜ਼ਮ ਦੇ ਮਾਨਸਿਕ ਰੋਗੀ ਹੋਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕੇਵਲ ਗੁਰੂ ਘਰ ਹੀ ਕਿਉਂ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਕ ਬਹਾਨਾ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਘਟਨਾ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਰਾਮਦਾਸ ਲੰਗਰ ਸਾਹਿਬ ਵਿੱਚ ਟਾਟ ਦੇ ਥੱਲਿਓਂ ਸੁਖਮਨੀ ਸਾਹਿਬ ਦਾ ਇੱਕ ਅੰਗ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਮੈਨੇਜਰ ਨੂੰ ਕੈਮਰੇ ਖੰਘਾਲਣ ਦੇ ਨਿਰਦੇਸ਼ ਦਿੱਤੇ ਗਏ। ਅਗਲੇ ਹੀ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਮਦੇ ਵਿੱਚ ਬੈਠੀ ਇੱਕ ਬੀਬੀ ਦੀ ਚੁੰਨੀ ਨਾਲ ਬੰਨ੍ਹੇ ਹੋਏ ਹੋਰ ਅੰਗ ਮਿਲੇ। ਐਸ.ਜੀ.ਪੀ.ਸੀ. ਸਟਾਫ਼ ਅਤੇ ਸੀ.ਸੀ.ਟੀ.ਵੀ. ਟੀਮ ਦੀ ਬਾਰੀਕੀ ਨਾਲ ਕੀਤੀ ਜਾਂਚ ਅਤੇ ਡਿਊਟੀ ਐਂਟਰੀ ਰਜਿਸਟਰਾਂ ਦੇ ਮਿਲਾਨ ਤੋਂ ਬਾਅਦ ਦੋਸ਼ੀ ਦੀ ਪਛਾਣ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਰਹਿਣ ਵਾਲੇ ਇੱਕ ਵਿਅਕਤੀ ਵਜੋਂ ਹੋਈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ ਗੁਟਕਾ ਸਾਹਿਬ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ। ਵੀਡੀਓਗ੍ਰਾਫ਼ੀ ਰਾਹੀਂ ਸਬੂਤ ਇਕੱਠੇ ਕਰਨ ਤੋਂ ਬਾਅਦ ਗੁਟਕਾ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਦੋਸ਼ੀ ਦੇ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਹਿਜ਼ ਇੱਕ ਬਹਾਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮਾਨਸਿਕ ਬਿਮਾਰੀ ਸਿਰਫ਼ ਗੁਰਬਾਣੀ ਜਾਂ ਧਾਰਮਿਕ ਗ੍ਰੰਥਾਂ ਉੱਤੇ ਹੀ ਕਿਉਂ ਹਾਵੀ ਹੁੰਦੀ ਹੈ, ਕਿਸੇ ਹੋਰ ਸੰਪਤੀ ਜਾਂ ਪਰਿਵਾਰਕ ਇੱਜ਼ਤ ‘ਤੇ ਕਿਉਂ ਨਹੀਂ? ਉਨ੍ਹਾਂ ਇਸ ਘਟਨਾ ਨੂੰ ਬਹੁਤ ਮਾੜੀ ਅਤੇ ਦੁਖਦਾਈ ਕਰਾਰ ਦਿੰਦਿਆਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਸੰਗਤਾਂ ‘ਤੇ ਮਿਹਰ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

LEAVE A REPLY

Please enter your comment!
Please enter your name here