ਪੰਜਾਬ ਸੰਗਰੂਰ ਪਹੁੰਚੇ ਮਨਪ੍ਰੀਤ ਇਆਲੀ ਨੇ ਘੇਰੀ ਸਰਕਾਰ/ ਮੋਹਨਜੀਤ ਸਿੰਘ ਨੂੰ ਮਿਲ ਕੇ ਪੁੱਛਿਆ ਹਾਲ/ ਪੁਲਿਸ ਮੁਲਜ਼ਮਾਂ ਖਿਲਾਫ਼ ਮਿਸਾਲੀ ਕਾਰਵਾਈ ਦੀ ਮੰਗ By admin - September 6, 2026 0 2 Facebook Twitter Pinterest WhatsApp ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਮਾਨ ਦੇ ਦੌਰੇ ਦੌਰਾਨ ਕਾਲੇ ਝੰਡੇ ਦਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਨਾਲ ਹੋਏ ਕਥਿਤ ਪੁਲਿਸ ਤਸ਼ੱਦਦ ਦੇ ਮਾਮਲੇ ਨੇ ਸਿਆਸੀ ਰੂਪ ਧਾਰ ਲਿਆ ਹੈ। ਪੰਥਕ ਆਗੂ ਮਨਪ੍ਰੀਤ ਇਆਲੀ ਨੇ ਸੰਗਰੂਰ ਪਹੁੰਚ ਕੇ ਪੀੜਤ ਨੌਜਵਾਨ ਦਾ ਹਾਲ-ਚਾਲ ਜਾਣਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਲੋਕਤੰਤਰ ਵਿੱਚ ਸ਼ਾਂਤਮਈ ਵਿਰੋਧ ਦਰਜ ਕਰਵਾਉਣ ਦਾ ਸਭ ਨੂੰ ਸੰਵਿਧਾਨਕ ਹੱਕ ਹੈ, ਪਰ ਪੁਲਿਸ ਵੱਲੋਂ ਮੋਹਨਜੀਤ ਸਿੰਘ ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ। ਪੰਥਕ ਧਿਰਾਂ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੀ ਕਾਰਵਾਈ ਨੂੰ ਮਹਿਜ਼ ਖ਼ਾਨਾਪੂਰਤੀ ਦੱਸਦਿਆਂ ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਮਨਪ੍ਰੀਤ ਇਆਲੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਖੁਦ ਲੋਕਾਂ ਨੂੰ ਲੀਡਰਾਂ ਤੋਂ ਸਵਾਲ ਪੁੱਛਣ ਲਈ ਪ੍ਰੇਰਦੀ ਰਹੀ ਹੈ, ਪਰ ਅੱਜ ਆਪਣੇ ਖ਼ਿਲਾਫ਼ ਉੱਠੀ ਆਵਾਜ਼ ਨੂੰ ਬਰਦਾਸ਼ਤ ਕਰਨ ਦਾ ਮਾਦਾ ਗੁਆ ਚੁੱਕੀ ਹੈ। ਹਸਪਤਾਲ ਦਾਖ਼ਲ ਪੀੜਤ ਨੌਜਵਾਨ ਦੇ ਸਰੀਰ ‘ਤੇ ਬਲੇਡਾਂ ਨਾਲ ਚੀਰੇ ਦੇ ਕੇ ਲੂਣ ਛਿੜਕਣ, ਪ੍ਰਾਈਵੇਟ ਅੰਗਾਂ ‘ਤੇ ਕਰੰਟ ਲਗਾਉਣ, ਕੇਸ-ਦਾੜ੍ਹੀ ਦੀ ਬੇਅਦਬੀ ਕਰਨ ਅਤੇ ਕਛਹਿਰਾ ਪਾੜਨ ਵਰਗੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਆਗੂਆਂ ਨੇ ਇਸ ਵਤੀਰੇ ਦੀ ਤੁਲਨਾ 1984 ਦੇ ਦੌਰ ਨਾਲ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਾਰ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਜਾਂ ਤਬਦੀਲ ਕਰਨ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਆਰਜ਼ੀ ਲੀਪਾਪੋਚੀ ਹੈ। ਉਨ੍ਹਾਂ ਮੰਗ ਕੀਤੀ ਕਿ ਕਸੂਰਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਫ਼ਸਰ ਅਜਿਹਾ ਕਰਨ ਦੀ ਜੁਰਅਤ ਨਾ ਕਰੇ। ਮਨਪ੍ਰੀਤ ਇਆਲੀ ਨੇ ਸਾਫ਼ ਕੀਤਾ ਕਿ ਪਿੰਡ ਸ਼ੇਰੋਂ ਅਤੇ ਇਲਾਕੇ ਦੀ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਧਰਨੇ ਅਤੇ ਉਲੀਕੇ ਜਾਣ ਵਾਲੇ ਹਰ ਪ੍ਰੋਗਰਾਮ ਦਾ ਡਟਵਾਂ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਇੱਕ ਸਾਂਝੇ ਖੇਤਰੀ ਮੰਚ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ।