ਅੰਮ੍ਰਿਤਸਰ ’ਚ ਸਿਹਤ ਵਿਭਾਗ ਦੀ ਸਰਗਰਮੀ/ ਚਾਹ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ/ ਪਾਣੀ ਵਾਲੀਆਂ ਟੈਂਕੀਆਂ ਦੀ ਕੀਤੀ ਜਾਂਚ

0
2

ਅੰਮ੍ਰਿਤਸਰ ਸ਼ਹਿਰ ਦੇ ਲਾਰੈਂਸ ਰੋਡ ਸਥਿਤ ਨਾਵਲਟੀ ਚੌਕ ਵਿੱਚ ਨਹਿਰੂ ਸ਼ਾਪਿੰਗ ਕੰਪਲੈਕਸ ਦੀਆਂ ਚਾਹ ਦੀਆਂ ਦੁਕਾਨਾਂ ਵਿੱਚ ਵਰਤੇ ਜਾਣ ਵਾਲੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਗਈ। ਇਹ ਕਾਰਵਾਈ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਬਾਅਦ ਕੀਤੀ ਗਈ। ਵੀਡੀਓ ਵਿੱਚ ਕਥਿਤ ਤੌਰ ’ਤੇ ਚਾਹ ਦੀਆਂ ਦੁਕਾਨਾਂ ਦੇ ਉੱਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਉਠਾਏ ਗਏ ਸਨ ਅਤੇ ਦੋਸ਼ ਲਗਾਇਆ ਗਿਆ ਸੀ ਕਿ ਸਾਫ਼ ਪਾਣੀ ਨਾ ਹੋਣ ਦੇ ਬਾਵਜੂਦ ਇਸੇ ਪਾਣੀ ਦੀ ਵਰਤੋਂ ਚਾਹ ਬਣਾਉਣ ਲਈ ਕੀਤੀ ਜਾ ਰਹੀ ਹੈ।
ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ (ਡੀਐੱਚਓ) ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ। ਡਾ. ਰਟੌਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸਰਦਾਰ ਸਤਨਾਮ ਸਿੰਘ ਅਤੇ ਵਿਭਾਗ ਦੀ ਟੀਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਟੀਮ ਵੱਲੋਂ ਚਾਹ ਦੀਆਂ ਦੁਕਾਨਾਂ ਵਿੱਚ ਵਰਤੀਆਂ ਜਾ ਰਹੀਆਂ ਪਾਣੀ ਦੀਆਂ ਟੈਂਕੀਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਡਾ. ਰਟੌਲ ਨੇ ਦੱਸਿਆ ਕਿ ਮੌਕੇ ’ਤੇ ਤਿੰਨ ਦੁਕਾਨਾਂ ਵਿੱਚ ਵਰਤੋਂ ਕੀਤੀਆਂ ਜਾ ਰਹੀਆਂ ਪਾਣੀ ਦੀਆਂ ਟੈਂਕੀਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਟੈਂਕੀਆਂ ਦੇ ਅੰਦਰ ਪਾਣੀ ਸਾਫ਼ ਪਾਇਆ ਗਿਆ ਅਤੇ ਟੈਂਕੀਆਂ ਦੀ ਹਾਲਤ ਵੀ ਠੀਕ ਮਿਲੀ। ਹਾਲਾਂਕਿ ਟੈਂਕੀਆਂ ਦੇ ਆਲੇ-ਦੁਆਲੇ ਕੁਝ ਘਾਹ ਅਤੇ ਪਾਣੀ ਜਮ੍ਹਾਂ ਹੋਣ ਵਰਗੀ ਸਥਿਤੀ ਜ਼ਰੂਰ ਨਜ਼ਰ ਆਈ। ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਹੀ ਸਬੰਧਤ ਦੁਕਾਨਦਾਰਾਂ ਨੂੰ ਸਫ਼ਾਈ ਵਿਵਸਥਾ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਆਲੇ-ਦੁਆਲੇ ਦੀ ਸਫ਼ਾਈ ਵੀ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਟੈਂਕੀਆਂ ਨੂੰ ਢੱਕ ਕੇ ਅਤੇ ਸੁਰੱਖਿਅਤ ਰੱਖਣ ਲਈ ਦੁਕਾਨਦਾਰਾਂ ਵੱਲੋਂ ਤਾਲੇ ਅਤੇ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਵਿਭਾਗ ਦੀ ਟੀਮ ਨੇ ਟੈਂਕੀਆਂ ਦੇ ਅੰਦਰਲੇ ਪਾਣੀ ਦੀਆਂ ਤਸਵੀਰਾਂ ਵੀ ਲਈਆਂ ਹਨ, ਤਾਂ ਜੋ ਜਾਂਚ ਦਾ ਰਿਕਾਰਡ ਰੱਖਿਆ ਜਾ ਸਕੇ। ਡੀਐੱਚਓ ਡਾ. ਰਟੌਲ ਨੇ ਕਿਹਾ ਕਿ ਸਫ਼ਾਈ ਸਬੰਧੀ ਕਮੀਆਂ ਪਾਏ ਜਾਣ ’ਤੇ ਦੁਕਾਨਦਾਰਾਂ ਦੇ ਕਲੀਨਲੀਨੈੱਸ ਦੇ ਚਲਾਨ ਕੱਟੇ ਜਾਣਗੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਸੱਤ ਦਿਨ ਬਾਅਦ ਮੁੜ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਇਹ ਦੇਖਿਆ ਜਾਵੇਗਾ ਕਿ ਸਫ਼ਾਈ ਅਤੇ ਪਾਣੀ ਦੀਆਂ ਟੈਂਕੀਆਂ ਦੀ ਸਾਂਭ-ਸੰਭਾਲ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ।
ਡਾ. ਰਟੌਲ ਨੇ ਸਪੱਸ਼ਟ ਕੀਤਾ ਕਿ ਜੇਕਰ ਮੁੜ ਜਾਂਚ ਦੌਰਾਨ ਕਿਸੇ ਕਿਸਮ ਦੀ ਕਮੀ ਪਾਈ ਗਈ ਤਾਂ ਸਬੰਧਤ ਦੁਕਾਨਦਾਰਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਤੱਕ ਕਮੀਆਂ ਦੂਰ ਨਾ ਕੀਤੀਆਂ ਗਈਆਂ ਤਾਂ ਸਬੰਧਤ ਦੁਕਾਨਾਂ ਦੇ ਲਾਇਸੈਂਸ ਸਸਪੈਂਡ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਅਤੇ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਦੇ ਸਮੇਂ ਸਫ਼ਾਈ ਦੇ ਮਾਪਦੰਡਾਂ ਦੀ ਪਾਲਣਾ ਕਰਨਾ ਦੁਕਾਨਦਾਰਾਂ ਦੀ ਜ਼ਿੰਮੇਵਾਰੀ ਹੈ।

LEAVE A REPLY

Please enter your comment!
Please enter your name here