ਪੰਜਾਬ ਕੀਰਤਪੁਰ ਸਾਹਿਬ ਦੇ ਕਸਬਾ ਜਿਊਵਾਲ ’ਚ ਚੋਰਾਂ ਦੀ ਦਹਿਸ਼ਤ/ ਇਕੋ ਰਾਤ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ/ ਮਿਡ-ਡੇ ਮੀਲ ਤਿਆਰ ਕਰਨ ਵਾਲਾ ਸਮਾਨ ਲੈ ਕੇ ਫਰਾਰ By admin - September 5, 2026 0 2 Facebook Twitter Pinterest WhatsApp ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਆਉਂਦੇ ਕਸਬਾ ਜਿਊਵਾਲ ਦੇ ਦੋ ਸਰਕਾਰੀ ਸਕੂਲਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵੱਲੋਂ ਦੋਵੇਂ ਸਕੂਲਾਂ ਦੀਆਂ ਰਸੋਈਆਂ ਦੇ ਤਾਲੇ ਅਤੇ ਕੁੰਡੇ ਤੋੜ ਕੇ ਮਿਡ-ਡੇ ਮੀਲ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਚੋਰੀ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਜਿਊਵਾਲ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ 3 ਸਤੰਬਰ ਨੂੰ ਸ਼ਾਮ ਕਰੀਬ 5 ਵਜੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦਾ ਸਟਾਫ਼ ਛੁੱਟੀ ਤੋਂ ਬਾਅਦ ਚਲਾ ਗਿਆ ਸੀ। ਇਸ ਤੋਂ ਬਾਅਦ 4 ਸਤੰਬਰ ਨੂੰ ਜਨਮ ਅਸ਼ਟਮੀ ਦੀ ਸਰਕਾਰੀ ਛੁੱਟੀ ਸੀ। 5 ਸਤੰਬਰ ਦੀ ਸਵੇਰ ਜਦੋਂ ਸਫਾਈ ਸੇਵਕਾ ਕੁਲਦੀਪ ਕੌਰ ਸਕੂਲ ਵਿੱਚ ਸਫਾਈ ਕਰਨ ਲਈ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਸਕੂਲ ਦੀ ਰਸੋਈ ਦਾ ਤਾਲਾ ਅਤੇ ਕੁੰਡਾ ਵੱਢਿਆ ਹੋਇਆ ਸੀ। ਇਸ ਦੀ ਸੂਚਨਾ ਸਕੂਲ ਦੀਆਂ ਕੁੱਕਾਂ ਅਤੇ ਇੰਚਾਰਜ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਰਸੋਈ ਵਿੱਚੋਂ ਭਰਿਆ ਹੋਇਆ ਗੈਸ ਸਿਲੰਡਰ, ਗੈਸ ਭੱਠੀ, ਦੋ ਵੱਡੇ ਪਤੀਲੇ ਅਤੇ 12 ਲੀਟਰ ਦਾ ਪ੍ਰੈਸ਼ਰ ਕੁੱਕਰ ਚੋਰੀ ਹੋ ਚੁੱਕੇ ਸਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਜਿਊਵਾਲ ਦੀ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ 3 ਸਤੰਬਰ ਨੂੰ ਦੁਪਹਿਰ ਕਰੀਬ 2 ਵਜੇ ਉਹ ਸਕੂਲ ਨੂੰ ਤਾਲੇ ਲਗਾ ਕੇ ਘਰ ਚਲੇ ਗਏ ਸਨ। 5 ਸਤੰਬਰ ਦੀ ਸਵੇਰ ਸਕੂਲ ਪਹੁੰਚਣ ’ਤੇ ਰਸੋਈ ਦਾ ਕੁੰਡਾ ਵੱਢਿਆ ਹੋਇਆ ਮਿਲਿਆ। ਜਾਂਚ ਕਰਨ ’ਤੇ ਰਸੋਈ ਵਿੱਚੋਂ ਇੱਕ ਕੜਾਹੀ ਅਤੇ 10 ਲੀਟਰ ਦਾ ਪ੍ਰੈਸ਼ਰ ਕੁੱਕਰ ਗਾਇਬ ਮਿਲਿਆ। ਦੋਵੇਂ ਸਕੂਲਾਂ ਵੱਲੋਂ ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਵਿਖੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਥਾਣਾ ਮੁਖੀ ਰਾਹੁਲ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।