ਗੁਰਦਾਸਪੁਰ ਫੂਡ ਸੇਫਟੀ ਵਿਭਾਗ ਨੇ ਵਧਾਈ ਚੌਕਸੀ/ ਰੇਹੜੀ ਮਾਰਕੀਟ ’ਚ ਵਿਸ਼ੇਸ਼ ਸੈਂਪਲਿੰਗ ਮੁਹਿੰਮ ਸ਼ੁਰੂ/ ਮਿਲਾਵਟਖੋਰਾਂ ਨੂੰ ਦਿੱਤੀ ਸਖਤ ਚਿਤਾਵਨੀ

0
2

ਗੁਰਦਾਸਪੁਰ ਸਿਹਤ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰਾਂ ਖਿਲਾਫ ਸ਼ਖਤੀ ਵਧਾ ਦਿੱਤੀ ਹੈ। ਇਸੇ ਤਹਿਤ ਫੂਡ ਸੇਫਟੀ ਵਿਭਾਗ ਵੱਲੋਂ ਰੇਹੜੀ ਮਾਰਕੀਟ ਵਿਖੇ ਵਿਸ਼ੇਸ਼ ਸੈਂਪਲਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਫੂਡ ਸੇਫਟੀ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਦੀ ਅਗਵਾਈ ਹੇਠ ਵਿਭਾਗੀ ਟੀਮ ਨੇ ਵੱਖ-ਵੱਖ ਰੇਹੜੀਆਂ ’ਤੇ ਪਹੁੰਚ ਕੇ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ। ਇਸ ਦੌਰਾਨ ਮੋਮੋਜ਼, ਪਕੌੜਿਆਂ, ਵੈਜ ਚਾਪ ਸਮੇਤ ਕਈ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ। ਅਧਿਕਾਰੀਆਂ ਨੇ ਮਿਲਾਵਟਖੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਟੀਮ ਵੱਲੋਂ ਖਾਣਾ ਤਿਆਰ ਕਰਨ ਵਾਲੀਆਂ ਥਾਵਾਂ ’ਤੇ ਸਫਾਈ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਫੂਡ ਸੇਫਟੀ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਦੀ ਵੀ ਪੜਤਾਲ ਕੀਤੀ ਗਈ। ਬਿਨਾਂ ਰਜਿਸਟ੍ਰੇਸ਼ਨ ਦੇ ਕਾਰੋਬਾਰ ਕਰਦੇ ਕੁਝ ਰੇਹੜੀ ਸੰਚਾਲਕਾਂ ਨੂੰ ਨੋਟਿਸ ਜਾਰੀ ਕਰਕੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਡਾ. ਮਨਜੀਤ ਸਿੰਘ ਰਟੋਲ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ ਅਤੇ ਰਿਪੋਰਟ ਵਿੱਚ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਕਾਰੋਬਾਰੀ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਨੇ ਖਾਣਾ ਬਣਾਉਣ ਵਾਲਿਆਂ ਨੂੰ ਸਫਾਈ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। ਖਾਣਾ ਤਿਆਰ ਕਰਦੇ ਸਮੇਂ ਕੈਪ, ਦਸਤਾਨੇ ਅਤੇ ਹੋਰ ਜ਼ਰੂਰੀ ਸਫਾਈ ਉਪਕਰਨਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਖਾਣੇ ਵਿੱਚ ਨਿਰਧਾਰਤ ਮਾਤਰਾ ਤੋਂ ਵੱਧ ਫੂਡ ਕਲਰ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ। ਡਾ. ਰਟੋਲ ਨੇ ਖਾਸ ਤੌਰ ’ਤੇ ਕਾਲੇ ਅਤੇ ਵਾਰ-ਵਾਰ ਵਰਤੇ ਜਾ ਰਹੇ ਤੇਲ ਨੂੰ ਲੈ ਕੇ ਵੀ ਸਖ਼ਤੀ ਦਿਖਾਈ। ਉਨ੍ਹਾਂ ਕਿਹਾ ਕਿ ਲੋਕ ਵੀ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਸਫਾਈ ਅਤੇ ਗੁਣਵੱਤਾ ਦਾ ਧਿਆਨ ਰੱਖਣ। ਪੈਕਡ ਸਮਾਨ ਖਰੀਦਣ ਵੇਲੇ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਨ ਦੀ ਅਪੀਲ ਕੀਤੀ ਗਈ।

LEAVE A REPLY

Please enter your comment!
Please enter your name here