ਪੰਜਾਬ ਸਪੀਕਰ ਕੁਲਤਾਰ ਸੰਧਵਾਂ ਦਾ ਡਾ. ਗਾਂਧੀ ਨੂੰ ਮੋੜਵਾਂ ਜਵਾਬ/ ਧਾਰਮਿਕ ਯਾਤਰਾ ਬਾਰੇ ਟਿੱਪਣੀ ਨੂੰ ਦੱਸਿਆ ਬੇਲੋੜੀ ਗੱਲ/ ਕਿਹਾ, ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚ ਕਰਨਾ ਮਾੜਾ ਨਹੀਂ By admin - August 25, 2026 0 2 Facebook Twitter Pinterest WhatsApp ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਧਰਮਵੀਰ ਗਾਂਧੀ ਦੀ ਸਰਕਾਰ ਦੀਆਂ ਨੀਤੀਆਂ ਤੇ ਧਾਰਮਿਕ ਯਾਤਰਾਵਾਂ ਬਾਰੇ ਕੀਤੀ ਟਿੱਪਣੀ ਦਾ ਮੌੜਵਾਂ ਜਵਾਬ ਦਿੱਤਾ ਹੈ। ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੋਂ ਇਕੱਠਾ ਕੀਤਾ ਪੈਸਾ ਲੋਕਾਂ ਦੀ ਭਲਾਈ ਲਈ ਹੀ ਖਰਚ ਕਰ ਰਹੀ ਹੈ, ਜਿਸ ਵਿਚ ਕੁੱਝ ਵੀ ਮਾੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੈਸਾ ਕਿਸੇ ਵਿਦੇਸ਼ ਵਿੱਚ ਜਾਇਦਾਦ ਖਰੀਦਣ ਜਾਂ ਨਿੱਜੀ ਫਾਇਦੇ ਲਈ ਨਹੀਂ ਲਗਾਇਆ ਜਾ ਰਿਹਾ, ਸਗੋਂ ਲੋਕਾਂ ਦੀ ਭਲਾਈ ਅਤੇ ਜਨਤਕ ਕੰਮਾਂ ’ਤੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਅਜਿਹੇ ਲੋਕ-ਪੱਖੀ ਕੰਮ ਕੀਤੇ ਗਏ ਹਨ, ਜਿਨ੍ਹਾਂ ਦਾ ਮਕਸਦ ਪੰਜਾਬ ਦੀ ਅਮੀਰ ਵਿਰਾਸਤ, ਲੋਕ ਕਲਾਵਾਂ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ‘ਭਾਸ਼ਾ ਪੰਜਾਬ’ ਅਤੇ ਜਫ਼ਰ ਸਾਹਿਬ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਵਿਰਸੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਪੰਜਾਬ ਨੂੰ ਮਿਲੀ ਬਹਾਦਰੀ, ਸੇਵਾ ਅਤੇ ਸਾਂਝ ਦੀ ਪਰੰਪਰਾ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਆਪਣੀਆਂ ਲੋਕ ਕਲਾਵਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਵਿਲੱਖਣ ਪਹਿਚਾਣ ਨੂੰ ਬਚਾ ਕੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਜਗਤਾਰ ਸਿੰਘ ਹਵਾਰਾ ਨਾਲ ਇੱਕ ਬਜ਼ੁਰਗ ਮਾਂ ਦੀ ਮੁਲਾਕਾਤ ਦੇ ਮੁੱਦੇ ’ਤੇ ਬੋਲਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਵਿਅਕਤੀ ਜਾਂ ਸਿਆਸੀ ਪਾਰਟੀ ਦਾ ਨਹੀਂ, ਸਗੋਂ ਕਾਨੂੰਨ ਦੇ ਰਾਜ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਜੇ ਕਾਨੂੰਨ ਦਾ ਰਾਜ ਮਜ਼ਬੂਤ ਹੋਵੇਗਾ ਤਾਂ ਸਮਾਜ ਵਿੱਚ ਸ਼ਾਂਤੀ, ਤਰੱਕੀ, ਖੁਸ਼ਹਾਲੀ ਅਤੇ ਭਾਈਚਾਰਾ ਵਧੇਗਾ, ਜਦਕਿ ਕਿਸੇ ਨਾਲ ਧੱਕਾ ਕਰਨ ਨਾਲ ਰੋਸ ਅਤੇ ਵਿਰੋਧ ਵਧਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਇੱਕ ਬਜ਼ੁਰਗ ਮਾਂ ਨੂੰ ਆਪਣੇ ਪੁੱਤਰ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਸ ਮਾਮਲੇ ਨੂੰ ਸਿਰਫ਼ ਸਿਆਸੀ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਸੰਧਵਾਂ ਨੇ ਕਿਹਾ ਕਿ ਵੱਖ-ਵੱਖ ਵਿਚਾਰਧਾਰਾਵਾਂ ਨਾਲ ਸਬੰਧਤ ਕਈ ਲੋਕਾਂ ਨੇ ਵੀ ਉਨ੍ਹਾਂ ਨਾਲ ਗੱਲ ਕਰਦਿਆਂ ਇਸ ਮੁਲਾਕਾਤ ਨੂੰ ਮਨੁੱਖੀ ਪੱਖ ਤੋਂ ਦੇਖਣ ਦੀ ਗੱਲ ਕਹੀ ਹੈ। ਇਸੇ ਦੌਰਾਨ ਵਿਕਰਮ ਸਿੰਘ ਮਜੀਠੀਆ ਵੱਲੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗਠਜੋੜ ਦੀ ਗੱਲ ਕੀਤੇ ਜਾਣ ਅਤੇ ਬਾਅਦ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਸ ਤੋਂ ਇਨਕਾਰ ਕੀਤੇ ਜਾਣ ਸਬੰਧੀ ਪੁੱਛੇ ਸਵਾਲ ’ਤੇ ਸੰਧਵਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਫ਼ੈਸਲੇ ਲੈਣ ਲਈ ਆਜ਼ਾਦ ਹਨ। ਉਨ੍ਹਾਂ ਨੇ ਇਸ ਮੁੱਦੇ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਬੋਲਣ ਨੂੰ ਬਹੁਤ ਕੁਝ ਬੋਲ ਸਕਦੇ ਹਨ, ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਘੱਟ ਮਿਲਦਾ ਹੈ ਕਿਉਂਕਿ ਉਨ੍ਹਾਂ ਦਾ ਅਹੁਦਾ ਹੀ ‘ਸਪੀਕਰ’ ਦਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮੀਰ ਵਿਰਸੇ ਦੀ ਸੰਭਾਲ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।