ਮਜੀਠਾ ਹਲਕੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਗਰਮੀ/ ਪੱਪਲਪ੍ਰੀਤ ਸਿੰਘ ਹੋਣਗੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ/ ਨਸ਼ਿਆਂ ਤੇ ਫਿਰੌਤੀ ਖ਼ਿਲਾਫ਼ ਲੜਾਈ ਨੂੰ ਦੱਸਿਆ ਮੁੱਖ ਏਜੰਡਾ

0
2

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਤਹਿਤ ਅੱਜ ਸੁਖਵਿੰਦਰ ਸਿੰਘ ਅਗਵਾਨ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕਰਕੇ ਮਜੀਠਾ ਹਲਕੇ ਤੋਂ ਪੱਪਲਪ੍ਰੀਤ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ। ਪ੍ਰੈਸ ਕਾਨਫਰੰਸ ਦੌਰਾਨ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਪੱਪਲਪ੍ਰੀਤ ਸਿੰਘ ਲੰਮੇ ਸਮੇਂ ਤੋਂ ਪੰਥਕ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਸਿਰਫ਼ ਕਿਸੇ ਇੱਕ ਵਿਅਕਤੀ ਨੂੰ ਚੁਣੌਤੀ ਦੇਣਾ ਨਹੀਂ, ਸਗੋਂ ਪੰਜਾਬ ਨੂੰ ਨਵੀਂ ਸਿਆਸੀ ਦਿਸ਼ਾ ਦੇਣ ਲਈ ਲੋਕਾਂ ਦਾ ਸਮਰਥਨ ਹਾਸਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਸੰਘਰਸ਼ੀ ਪਿਛੋਕੜ ਰੱਖਦਾ ਹੈ ਅਤੇ ਮਜੀਠਾ ਵਰਗੇ ਮਹੱਤਵਪੂਰਨ ਹਲਕੇ ਤੋਂ ਅਜਿਹੇ ਵਿਅਕਤੀਨੂੰ ਉਮੀਦਵਾਰ ਬਣਾਉਣਾ ਪਾਰਟੀ ਲਈ ਮਾਣ ਵਾਲੀ ਗੱਲ ਹੈ। ਅਗਵਾਨ ਨੇ ਕਿਹਾ ਕਿ ਮਜੀਠਾ ਹਲਕਾ ਧਾਰਮਿਕ ਅਤੇ ਇਤਿਹਾਸਕ ਪੱਖੋਂ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਅਨੁਸਾਰ ਇਸ ਹਲਕੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ, ਸੰਤ-ਮਹਾਂਪੁਰਖਾਂ ਅਤੇ ਸੰਗਤਾਂ ਨਾਲ ਜੁੜੇ ਲੋਕ ਵੱਡੀ ਗਿਣਤੀ ਵਿੱਚ ਵੱਸਦੇ ਹਨ। ਇਸ ਕਰਕੇ ਪਾਰਟੀ ਵੱਲੋਂ ਇੱਥੇ ਚੋਣ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੱਪਲਪ੍ਰੀਤ ਸਿੰਘ ਦੀਆਂ ਪਿਛਲੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਅਗਵਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਅਤੇ ਸਮਾਜਿਕ ਸੁਧਾਰ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੜੀ ਪਿੰਡ ਵਿੱਚ ਨਸ਼ਿਆਂ ਖ਼ਿਲਾਫ਼ ਕੀਤੀਆਂ ਗਈਆਂ ਸਰਗਰਮੀਆਂ ਕਾਰਨ ਵੀ ਪੱਪਲਪ੍ਰੀਤ ਸਿੰਘ ਚਰਚਾ ਵਿੱਚ ਰਹੇ। ਅਗਵਾਨ ਨੇ ਦਾਅਵਾ ਕੀਤਾ ਕਿ ਇਸ ਕਾਰਨ ਉਨ੍ਹਾਂ ਨੂੰ ਪਿਛਲੀ ਸਰਕਾਰ ਦੌਰਾਨ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਜੇਲ੍ਹ ਵੀ ਜਾਣਾ ਪਿਆ।
ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ‘ਵਾਰਿਸ ਪੰਜਾਬ ਦੇ’ ਦੀਆਂ ਸਰਗਰਮੀਆਂ ਸ਼ੁਰੂ ਕੀਤੇ ਜਾਣ ਸਮੇਂ ਪੱਪਲਪ੍ਰੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ। ਅਗਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਕਈ ਸਾਥੀਆਂ ’ਤੇ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਘਰਸ਼ਾਂ ਨਾਲ ਜੁੜੇ ਲੋਕਾਂ ਨੂੰ ਹੁਣ ਸਿਆਸੀ ਮੰਚ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲ ਰਿਹਾ ਹੈ। ਅਗਵਾਨ ਨੇ ਦੱਸਿਆ ਕਿ ਪਾਰਟੀ ਦਾ ਮੁੱਖ ਏਜੰਡਾ ਨਸ਼ਿਆਂ, ਫਿਰੌਤੀ ਅਤੇ ਗੈਂਗਸਟਰਵਾਦ ਖ਼ਿਲਾਫ਼ ਲੜਾਈ ਦੇ ਨਾਲ-ਨਾਲ ਕਿਸਾਨੀ ਨਾਲ ਜੁੜੇ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਮਜੀਠਾ ਹਲਕਾ ਖੇਤੀਬਾੜੀ ਪੱਖੋਂ ਮਹੱਤਵਪੂਰਨ ਹੈ ਅਤੇ ਇੱਥੇ ਆਲੂ, ਮਟਰ ਆਦਿ ਫ਼ਸਲਾਂ ਦੀ ਵੱਡੇ ਪੱਧਰ ’ਤੇ ਪੈਦਾਵਾਰ ਹੁੰਦੀ ਹੈ। ਇਸ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਚੋਣ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ।
ਬਿਕਰਮ ਸਿੰਘ ਮਜੀਠੀਆ ਨੂੰ ਚੋਣੀ ਚੁਣੌਤੀ ਬਾਰੇ ਪੁੱਛੇ ਜਾਣ ’ਤੇ ਅਗਵਾਨ ਨੇ ਕਿਹਾ ਕਿ ਚੋਣ ਮੈਦਾਨ ਵਿੱਚ ਹਰ ਉਮੀਦਵਾਰ ਆਪਣੀ ਲੜਾਈ ਲੜੇਗਾ ਅਤੇ ਪਾਰਟੀ ਆਪਣੀ ਨੀਤੀ ਅਤੇ ਮੁੱਦਿਆਂ ਨਾਲ ਲੋਕਾਂ ਵਿੱਚ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਸਿਰਫ਼ ਕਿਸੇ ਇੱਕ ਵਿਅਕਤੀ ਨੂੰ ਚੁਣੌਤੀ ਦੇਣਾ ਨਹੀਂ, ਸਗੋਂ ਪੰਜਾਬ ਨੂੰ ਨਵੀਂ ਸਿਆਸੀ ਦਿਸ਼ਾ ਦੇਣ ਲਈ ਲੋਕਾਂ ਦਾ ਸਮਰਥਨ ਹਾਸਲ ਕਰਨਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਡਿਪਟੀਆਂ ਸੀਐਮ ਤਾਂ ਐਲਾਨ ਜਰੂਰ ਕਰਦੀਆਂ ਹਨ ਪਰ ਉਹ ਡਿਪਟੀ ਸੀਐਮ ਬਣਾਉਣ ਦੀਆਂ ਨਹੀਂ ਹਨ ਪਰ ਸਾਡੀ ਪਾਰਟੀ ਜਲਦ ਹੀ ਇੱਕ ਦਲਿਤ ਹਿੰਦੂ ਚਿਹਰੇ ਨੂੰ ਡਿਪਟੀ ਸੀਐਮ ਬਣਾਵੇਗੀ ਤੇ ਉਹ ਅਜੰਡੇ ਵਿੱਚ ਵੀ ਸ਼ਾਮਿਲ ਹੈ
ਪੱਪਲਪ੍ਰੀਤ ਸਿੰਘ ਦੀ ਮਾਤਾ ਨੇ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਿੱਖ ਕੌਮ ਅਤੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹੇਗਾ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੀ ਨੁਮਾਇੰਦਗੀ ਕਰਨਾ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਸੰਗਤ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਅਗਵਾਨ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਹਲਕਿਆਂ ਲਈ ਉਮੀਦਵਾਰਾਂ ਦੀ ਸਕ੍ਰੀਨਿੰਗ ਅਤੇ ਐਲਾਨ ਕੀਤੇ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿੱਚ ਅੱਗੇ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਸ਼ਕਤੀ ਦੇ ਨਾਲ-ਨਾਲ ਵੱਡੀ ਉਮਰ ਦੇ ਆਗੂਆਂ ਦੇ ਤਜਰਬੇ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਲਈ ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਕੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਮੁਹਿੰਮ ਹੁਣ ਤੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਮਜੀਠਾ ਹਲਕੇ ਦੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਪੱਪਲਪ੍ਰੀਤ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਚੋਣ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here