ਪੰਜਾਬ ਅੰਮ੍ਰਿਤਸਰ ਵਿਖੇ ਹਿੰਦ-ਪਾਕ ਦੋਸਤੀ ਮੰਚ ਦਾ ਸਮਾਗਮ/ ਮੋਮਬੱਤੀਆਂ ਜਲਾ ਕੇ ਅਮਨ-ਸ਼ਾਂਤੀ ਦਾ ਦਿੱਤਾ ਸੰਦੇਸ਼/ ਦੋਵਾਂ ਦੇਸ਼ਾਂ ਵਿਚਾਲੇ ਸੰਵਾਦ ਦੀ ਲੋੜ ’ਤੇ ਜ਼ੋਰ By admin - August 15, 2026 0 2 Facebook Twitter Pinterest WhatsApp ਹਿੰਦ-ਪਾਕ ਦੋਸਤੀ ਮੰਚ ਵੱਲੋਂ ਵਾਹਗਾ ਸਰਹੱਦ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੰਚ ਵੱਲੋਂ ਮੋਮਬੱਤੀਆਂ ਜਲਾ ਕੇ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਮੰਚ ਦੇ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਆਮ ਜਨਤਾ ਜੰਗ ਨਹੀਂ, ਸਗੋਂ ਅਮਨ, ਤਰੱਕੀ ਅਤੇ ਖੁਸ਼ਹਾਲੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਇਨਸਾਨ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕਰਨਾ ਚਾਹੁੰਦਾ ਹੈ। ਅਜਿਹੇ ਹਾਲਾਤਾਂ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਲਗਾਤਾਰ ਤਣਾਅ ਅਤੇ ਟਕਰਾਅ ਕਿਸੇ ਵੀ ਪੱਖ ਦੇ ਹਿੱਤ ਵਿੱਚ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼ਾਂਤੀ ਅਤੇ ਪੀਸ ਦੇ ਸੰਦੇਸ਼ ਨੂੰ ਅੱਗੇ ਵਧਾਉਣਾ ਹੈ। ਜੇਕਰ ਸਮਾਜ ਲਗਾਤਾਰ ਲੜਾਈ ਅਤੇ ਨਫ਼ਰਤ ਦੇ ਮਾਹੌਲ ਵਿੱਚ ਰਹੇਗਾ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਨੂੰ ਹੀ ਝੱਲਣਾ ਪਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੜਾਈ-ਝਗੜੇ ਤੋਂ ਦੂਰ ਰਹਿਣ ਅਤੇ ਸਿੱਖਿਆ, ਸੰਗੀਤ, ਫਿਲਮਾਂ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਰਾਹੀਂ ਸਮਾਜ ਨੂੰ ਅੱਗੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੁਝ ਲੋਕਾਂ ਵੱਲੋਂ ਕੋਈ ਗਲਤੀ ਜਾਂ ਗਲਤ ਕੰਮ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ ਉਸ ’ਤੇ ਕਾਰਵਾਈ ਕੀਤੀ ਗਈ ਹੈ ਤਾਂ ਸਬੰਧਤ ਲੋਕਾਂ ਦੀ ਪਛਾਣ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕੁਝ ਲੋਕਾਂ ਦੀਆਂ ਗਲਤੀਆਂ ਦੀ ਸਜ਼ਾ ਪੂਰੇ ਸਮਾਜ ਜਾਂ 99 ਫੀਸਦੀ ਆਮ ਜਨਤਾ ਨੂੰ ਨਹੀਂ ਦਿੱਤੀ ਜਾ ਸਕਦੀ। ਸਮੱਸਿਆ ਪੈਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਆਮ ਨਾਗਰਿਕਾਂ ਵਿੱਚ ਦੁਸ਼ਮਣੀ ਅਤੇ ਨਫ਼ਰਤ ਪੈਦਾ ਕੀਤੀ ਜਾਵੇ। ਬੁਲਾਰਿਆਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ 1947 ਦੀ ਵੰਡ ਕਾਰਨ ਵਿਛੜੇ ਪਰਿਵਾਰਾਂ ਨੂੰ ਮੁੜ ਮਿਲਾਉਣ ਲਈ ਸਰਹੱਦਾਂ ਨੂੰ ਖੋਲ੍ਹਣ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾਣ। ਵਪਾਰੀਆਂ ਲਈ ਵਪਾਰ ਦੇ ਰਸਤੇ ਖੋਲ੍ਹੇ ਜਾਣ ਤਾਂ ਜੋ ਦੋਵੇਂ ਦੇਸ਼ਾਂ ਦੇ ਲੋਕ ਆਰਥਿਕ ਤੌਰ ’ਤੇ ਖੁਸ਼ਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ-ਪਾਕਿਸਤਾਨ ਸਰਹੱਦ ਵੀ ਲੋਕਾਂ ਲਈ ਆਸਾਨ ਆਵਾਜਾਈ ਦਾ ਸਾਧਨ ਬਣੇ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਦੋਵੇਂ ਦੇਸ਼ਾਂ ਵਿੱਚ ਅਜਿਹੀਆਂ ਸਰਕਾਰਾਂ ਆਉਣਗੀਆਂ ਜੋ ਲੋਕਾਂ ਦੇ ਹਿੱਤ ਵਿੱਚ ਸਰਹੱਦਾਂ ’ਤੇ ਪਾਬੰਦੀਆਂ ਘਟਾਉਣ ਅਤੇ ਦੋਸਤੀ ਤੇ ਵਪਾਰ ਨੂੰ ਵਧਾਵਾ ਦੇਣ ਲਈ ਠੋਸ ਕਦਮ ਚੁੱਕਣਗੀਆਂ। ਉਨ੍ਹਾਂ ਕਿਹਾ ਕਿ ਜੰਗ ’ਤੇ ਖਰਚ ਹੋਣ ਵਾਲਾ ਪੈਸਾ ਜੇਕਰ ਸਿੱਖਿਆ ਅਤੇ ਰੁਜ਼ਗਾਰ ’ਤੇ ਖਰਚ ਕੀਤਾ ਜਾਵੇ ਤਾਂ ਦੋਵੇਂ ਦੇਸ਼ਾਂ ਦੇ ਨੌਜਵਾਨਾਂ ਦਾ ਭਵਿੱਖ ਬਿਹਤਰ ਬਣਾਇਆ ਜਾ ਸਕਦਾ ਹੈ। 1947 ਤੋਂ ਪਹਿਲਾਂ ਦੋਵੇਂ ਪਾਸਿਆਂ ਦੇ ਲੋਕ ਆਪਸ ਵਿੱਚ ਜੁੜੇ ਹੋਏ ਸਨ ਅਤੇ ਅੱਜ ਵੀ ਦੋਵੇਂ ਦੇਸ਼ਾਂ ਦੀ ਜਨਤਾ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਰਿਸ਼ਤਿਆਂ ਦੀ ਭਾਵਨਾ ਮੌਜੂਦ ਹੈ। ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਦੋਵੇਂ ਦੇਸ਼ਾਂ ਦੇ ਲੋਕ ਇੱਕ-ਦੂਜੇ ਦੇ ਵਿਚਾਰਾਂ ਅਤੇ ਗਤੀਵਿਧੀਆਂ ਨੂੰ ਜਾਣ ਸਕਦੇ ਹਨ ਅਤੇ ਸ਼ਾਂਤੀ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾ ਸਕਦੇ ਹਨ। ਬੁਲਾਰਿਆਂ ਨੇ ਨਾਗਰਿਕ ਸਮਾਜ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਫ਼ਰਤ ਅਤੇ ਟਕਰਾਅ ਦੀ ਬਜਾਏ ਸਿੱਖਿਆ, ਹੁਨਰ ਅਤੇ ਰੁਜ਼ਗਾਰ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀ ਅਸਲ ਖੁਸ਼ਹਾਲੀ ਹਥਿਆਰਾਂ ਅਤੇ ਜੰਗ ਵਿੱਚ ਨਹੀਂ, ਸਗੋਂ ਅਮਨ, ਵਪਾਰ, ਸਿੱਖਿਆ, ਰੁਜ਼ਗਾਰ ਅਤੇ ਆਪਸੀ ਭਾਈਚਾਰੇ ਵਿੱਚ ਹੈ। ਆਉਣ ਵਾਲੀ ਪੀੜ੍ਹੀ ਲਈ ਸ਼ਾਂਤੀਪੂਰਨ ਅਤੇ ਬਿਹਤਰ ਭਵਿੱਖ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਵਾਦ ਅਤੇ ਦੋਸਤੀ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਲੋੜ ਹੈ।