ਮੋਗਾ ਨਗਰ ਨਿਗਮ ਦੀ ਬਰਸਾਤਾਂ ਨੂੰ ਲੈ ਕੇ ਸਰਗਰਮੀ/ ਸੀਵਰੇਜ ਲਾਈਨਾਂ ਦੀ ਸਫਾਈ ਦਾ ਕੰਮ ਲਗਾਤਾਰ ਜਾਰੀ/ ਮੇਅਰ ਵਿਨੇਪਾਲ ਕੌਰ ਲਗਾਤਾਰ ਕਰ ਰਹੇ ਨਿਗਰਾਨੀ

0
2

 

ਮੋਗਾ ਨਗਰ ਨਿਗਮ ਵੱਲੋਂ ਬਰਸਾਤੀ ਮੌਸਮ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮੇਨ ਸੀਵਰੇਜ ਲਾਈਨਾਂ ਦੀ ਸਫਾਈ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਵੱਲੋਂ ਆਊਟਰ ਏਰੀਏ ਦੀਆਂ ਵੱਡੀਆਂ ਸੀਵਰੇਜ ਲਾਈਨਾਂ ਦੀ ਸਫਾਈ ਲਈ ਦੋ ਸੁਪਰ ਸਕਸ਼ਨ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਵਿਨੇਪਾਲ ਕੌਰ ਨੇ ਕਿਹਾ ਕਿ ਨਿਗਮ ਵੱਲੋਂ ਸੀਵਰੇਜ ਸਮੱਸਿਆ, ਸਾਫ ਸਫਾਈ ਤੇ ਸਾਫ ਪਾਣੀ ਮੁਹੱਈਆ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਇਸ ਕੰਮ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ।
ਮੇਅਰ ਵਿਨੇਪਾਲ ਕੌਰ ਨੇ ਅੱਗੇ ਕਿਹਾ ਕਿ ਬੁੱਕਣਵਾਲਾ ਰੋਡ ਸਮੇਤ ਆਊਟਰ ਏਰੀਏ ਦੇ ਵੱਡੇ ਹਿੱਸੇ ਦੀਆਂ ਸੀਵਰੇਜ ਲਾਈਨਾਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ, ਜਦਕਿ ਬਾਕੀ ਰਹਿੰਦੇ ਇਲਾਕਿਆਂ ਵਿੱਚ ਵੀ ਕੰਮ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਜਿੱਥੇ ਬਰਸਾਤ ਦੌਰਾਨ ਸੀਵਰੇਜ ਜਾਂ ਪਾਣੀ ਦੀ ਨਿਕਾਸੀ ਸਬੰਧੀ ਵਧੇਰੇ ਸਮੱਸਿਆ ਸਾਹਮਣੇ ਆਉਂਦੀ ਹੈ, ਉੱਥੇ ਪਹਿਲ ਦੇ ਆਧਾਰ ’ਤੇ ਸਫਾਈ ਕਰਵਾਈ ਜਾ ਰਹੀ ਹੈ। ਨਗਰ ਨਿਗਮ ਵੱਲੋਂ ਲੋੜ ਅਨੁਸਾਰ ਡਿਸਿਲਟਿੰਗ ਅਤੇ ਪ੍ਰੈਸ਼ਰ ਵਾਲੀਆਂ ਮਸ਼ੀਨਾਂ ਵੀ ਮੌਕੇ ’ਤੇ ਭੇਜੀਆਂ ਜਾ ਰਹੀਆਂ ਹਨ। ਇੱਕ ਸੁਪਰ ਸਕਸ਼ਨ ਮਸ਼ੀਨ ਨੂੰ ਰਾਤ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭੇਜ ਕੇ ਉਨ੍ਹਾਂ ਥਾਵਾਂ ਦੀ ਸਫਾਈ ਕਰਵਾਈ ਜਾਂਦੀ ਹੈ, ਜਿੱਥੇ ਸੀਵਰੇਜ ਦੀ ਸਮੱਸਿਆ ਜ਼ਿਆਦਾ ਹੋਵੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ 25 ਤੋਂ 30 ਸਾਲ ਪੁਰਾਣੀਆਂ ਪਾਈਪਲਾਈਨਾਂ ਹਨ। ਪੁਰਾਣੀਆਂ ਪਾਈਪਲਾਈਨਾਂ ਵਿੱਚ ਲੀਕੇਜ ਜਾਂ ਖਰਾਬੀ ਕਾਰਨ ਕਈ ਥਾਵਾਂ ’ਤੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਮਿਕਸ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਨਗਰ ਨਿਗਮ ਵੱਲੋਂ ਸ਼ਿਕਾਇਤ ਮਿਲਣ ’ਤੇ ਮੌਕੇ ਦੀ ਜਾਂਚ ਕਰਵਾਈ ਜਾਂਦੀ ਹੈ ਅਤੇ ਜਿੱਥੇ ਪਾਈਪਲਾਈਨ ਵਿੱਚ ਖਰਾਬੀ ਸਾਹਮਣੇ ਆਉਂਦੀ ਹੈ, ਉੱਥੇ ਉਸ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਲੋਕ ਨਾਜਾਇਜ਼ ਜਾਂ ਚੋਰੀ-ਛੁਪੇ ਪਾਣੀ ਦੇ ਕੁਨੈਕਸ਼ਨ ਨਾ ਲੈਣ। ਅਜਿਹੇ ਕੁਨੈਕਸ਼ਨਾਂ ਕਾਰਨ ਪਾਈਪਲਾਈਨਾਂ ਦੀ ਗਲਤ ਤਰੀਕੇ ਨਾਲ ਜੋੜ-ਤੋੜ ਹੋਣ ਅਤੇ ਪਾਣੀ ਦੇ ਸੀਵਰੇਜ ਨਾਲ ਮਿਕਸ ਹੋਣ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਹਰ ਘਰ ਤਕ ਸਾਫ ਪਾਣੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ, ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਦਾ ਕੁਨੈਕਸ਼ਨ ਲੈਣ ਲਈ ਨਿਯਮਾਂ ਅਨੁਸਾਰ ਨਗਰ ਨਿਗਮ ਨਾਲ ਰਾਬਤਾ ਕਰਨ ਅਤੇ ਆਪਣੀ ਫਾਈਲ ਜਮ੍ਹਾਂ ਕਰਵਾ ਕੇ ਕਾਨੂੰਨੀ ਕੁਨੈਕਸ਼ਨ ਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਬਰਸਾਤਾਂ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਸਬੰਧੀ ਪਰੇਸ਼ਾਨੀ ਨਾ ਆਵੇ, ਇਸ ਲਈ ਸਫਾਈ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਨਾਲ ਹੀ ਸ਼ਹਿਰ ਦੀ ਪਾਣੀ ਸਬੰਧੀ ਸਮੱਸਿਆ ਦੇ ਸਥਾਈ ਹੱਲ ਲਈ ਨਹਿਰੀ ਪਾਣੀ ਸ਼ਹਿਰ ਤੱਕ ਪਹੁੰਚਾਉਣ ਵਾਲੇ ਵੱਡੇ ਪ੍ਰੋਜੈਕਟ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here