ਨਵਾਂ ਸ਼ਹਿਰ ’ਚ ਤਿੰਨ ਨੌਜਵਾਨਾਂ ਨੇ ਨਿਗਲੀ ਸਲਫਾਸ/ ਇਕ ਦੀ ਮੌਤ, ਦੋ ਦਾ ਚੱਲ ਰਿਹਾ ਇਲਾਜ਼/ ਆਨਲਾਈਨ ਕਾਰੋਬਾਰ ’ਚ ਘਾਟੇ ਦਾ ਮਾਮਲਾ

0
2

ਨਵਾਂ ਸ਼ਹਿਰ ਦੇ ਪਿੰਡ ਗੜ੍ਹਪਧਾਣਾ ਵਿਖੇ ਉਸ ਵੇਲੇ ਹੜਕੰਮ ਮੱਚ ਗਿਆ ਜਦੋਂ ਚੜ੍ਹਦੀ ਉਮਰ ਦੇ ਤਿੰਨ ਨੌਜਵਾਨਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸ ਘਟਨਾਕ੍ਰਮ ਵਿਚ ਇਕ 15 ਸਾਲਾ ਪਰਮਜੀਤ ਸਿੰਘ ਦੀ ਮੌਤ ਹੋ ਗਈ। ਬਾਕੀ ਦੋ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਦੂਜੇ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਲਫਾਸ ਖਾਣ ਦੀ ਵਜ੍ਹਾ ਆਨਲਾਈਨ ਕਾਰੋਬਾਰ ਵਿਚ ਘਾਟਾ ਪੈਣਾ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ 22 ਸਾਲਾਂ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗੜ੍ਹਪਧਾਣਾ ਨੂੰ ਆਨਲਾਈਨ ਬਿਜ਼ਨਸ ਵਿਚ ਲੱਖਾਂ ਰੁਪਏ ਦਾ ਘਾਟਾ ਪੈ ਗਿਆ, ਜਿਸਨੇ ਆਪਣੇ 15-16 ਸਾਲ ਦੀ ਉਮਰ ਦੇ ਦੋ ਦੋਸਤਾਂ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਗੜ੍ਹਪਧਾਣਾ ਅਤੇ ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਪਣੇ ਇਕ ਬੰਦ ਪਏ ਘਰ ਵਿਚ ਸੱਦਕੇ ਦੱਸਿਆ ਕਿ ਉਹ ਬਿਜ਼ਨਸ ਵਿਚ ਘਾਟਾ ਪੈਣ ਕਾਰਨ ਸਲਫਾਸ ਖਾਣ ਲੱਗਾ ਹੈ, ਜਿਸ ਉਪਰੰਤ ਉਸਦੇ ਨਾਲ ਦੋਸਤੀ ਨਿਭਾਉਂਦਿਆਂ ਤਿੰਨਾਂ ਨੇ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ।
ਇਸ ਦੌਰਾਨ ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੇ ਇਕ ਜਾਣਕਾਰ ਨੂੰ ਵੀਡੀਓ ਕਾਲ ਰਾਹੀਂ ਸਲਫਾਸ ਖਾਣ ਬਾਰੇ ਜਾਣਕਾਰੀ ਦਿੱਤੀ ਜਿਸ ਉਪਰੰਤ ਜਾਣਕਾਰ ਨੇ ਪਿੰਡ ਗੜ੍ਹਪਧਾਣਾ ਆ ਕੇ ਹਾਲ-ਦੁਹਾਈ ਪਾਈ, ਜਿਸ ਉਪਰੰਤ ਪਿੰਡ ਵਾਸੀਆਂ ਨੇ ਕੰਧ ਟੱਪ ਕੇ ਤੜਫਦੇ ਹੋਏ ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲਿਆਂਦਾ ਜਿੱਥੇ ਇਕ ਨੌਜਵਾਨ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਦਿਲਪ੍ਰੀਤ ਸਿੰਘ ਮੌਤ ਨਾਲ ਲੜਾਈ ਲੜ ਰਿਹਾ ਹੈ। ਇਸੇ ਤਰ੍ਹਾਂ ਤੀਸਰਾ ਨੌਜਵਾਨ ਮਨਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਪਰਮਜੀਤ ਸਿੰਘ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਜੋ ਸਿੱਖੀ ਸਰੂਪ ਵਿਚ ਹੋਣ ਕਰਕੇ ਇਕ ਕੀਰਤਨੀ ਜਥੇ ਨਾਲ ਸੇਵਾ ਨਿਭਾ ਰਿਹਾ ਸੀ। ਮੌਕੇ ’ਤੇ ਸਤਨਾਮ ਸਿੰਘ ਐੱਸ.ਐੱਚ.ਓ ਔੜ ਨੇ ਆਪਣੀ ਟੀਮ ਸਮੇਤ ਪੁੱਜ ਕੇ ਇਸ ਘਟਨਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਜਿਨ੍ਹਾਂ ਗੱਲਬਾਤ ਰਾਹੀਂ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੰਭੀਰ ਮਾਮਲੇ ਦਾ ਸੱਚ ਸਾਹਮਣੇ ਆ ਸਕੇ ਪ੍ਰੰਤੂ ਮੁੱਢਲੀ ਤਫਤੀਸ਼ ਤੋਂ ਮਾਮਲਾ ਆਤਮਾ ਹੱਤਿਆ ਕਰਨ ਦਾ ਹੀ ਲੱਗ ਰਿਹਾ ਹੈ।

LEAVE A REPLY

Please enter your comment!
Please enter your name here