ਪੰਜਾਬ ਫਤਿਹਗੜ੍ਹ ਚੂੜੀਆਂ ’ਚ ਦਰਦਨਾਕ ਹਾਦਸਾ/ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ/ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ, ਇਲਾਕੇ ’ਚ ਸੋਗ ਦੀ ਲਹਿਰ By admin - August 11, 2026 0 2 Facebook Twitter Pinterest WhatsApp ਫਤਿਹਗੜ੍ਹ ਚੂੜੀਆਂ ਦੇ ਅੰਮ੍ਰਿਤਸਰ ਰੋਡ ਤੇ ਮੋਟਰ ਸਾਇਕਲ ਤੇ ਕਾਰ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਤਿੰਨੇ ਨੌਜਵਾਨ ਪਿੰਡ ਹਰਦੋਰਵਾਲ ਕਲਾਂ ਦੇ ਰਹਿਣ ਵਾਲੇ ਸਨ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਪ੍ਰਦੀਪ ਸਿੰਘ, ਜੱਜ ਮਸੀਹ ਅਤੇ ਸੰਦੀਪ ਪਸ਼ੂਆਂ ਦੇ ਵਪਾਰ ਨਾਲ ਜੁੜੇ ਹੋਏ ਸਨ ਅਤੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇੰਡੀਗੋ ਕਾਰ ਨੰਬਰ PB-18-T-2535 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪ੍ਰਦੀਪ ਸਿੰਘ ਅਤੇ ਜੱਜ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਸੰਦੀਪ ਨੂੰ ਫਤਿਹਗੜ੍ਹ ਚੂੜੀਆਂ ਦੇ ਢੀਂਡਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਦੋ ਵਿਅਕਤੀ, ਇੱਕ ਔਰਤ ਅਤੇ ਇੱਕ ਬੱਚਾ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਮੁਤਾਬਕ ਕਾਰ ਵਿੱਚੋਂ ਸਿਲਵਰ ਪੇਪਰ, ਸੜਿਆ ਹੋਇਆ ਨੋਟ ਅਤੇ ਇੱਕ ਕਿਰਪਾਨ ਵੀ ਮਿਲੀ ਹੈ। ਇਨ੍ਹਾਂ ਦਾਅਵਿਆਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਪੁਸ਼ਟੀ ਹੋ ਸਕੇਗੀ। ਇਸ ਦੌਰਾਨ ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਝੰਡੇਰ ਦੇ ਐੱਸ.ਐੱਚ.ਓ. ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਹਾਦਸੇ ਤੋਂ ਬਾਅਦ ਥਾਣਾ ਝੰਡੇਰ ਅਤੇ ਥਾਣਾ ਮਜੀਠਾ ਦੀ ਹੱਦ ਨੂੰ ਲੈ ਕੇ ਵੀ ਵਿਵਾਦ ਪੈਦਾ ਹੋ ਗਿਆ, ਜਿਸ ਕਾਰਨ ਪੁਲਿਸ ਕਾਰਵਾਈ ਵਿੱਚ ਦੇਰੀ ਹੋਣ ’ਤੇ ਪਿੰਡ ਵਾਸੀਆਂ ਵਿੱਚ ਰੋਸ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕਾਫੀ ਸਮੇਂ ਤੱਕ ਕਾਰਵਾਈ ਨੂੰ ਲੈ ਕੇ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਉਨ੍ਹਾਂ ਵਿੱਚ ਨਾਰਾਜ਼ਗੀ ਵਧਦੀ ਗਈ। ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇੱਕ ਹੋਰ ਗੰਭੀਰ ਦੋਸ਼ ਲਗਾਇਆ ਗਿਆ ਹੈ ਕਿ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦਾ ਮੋਬਾਈਲ ਫੋਨ ਵੀ ਕਥਿਤ ਤੌਰ ’ਤੇ ਮੌਕੇ ਤੋਂ ਲੈ ਕੇ ਫਰਾਰ ਹੋ ਗਏ। ਇਸ ਦੋਸ਼ ਦੀ ਵੀ ਪੁਲਿਸ ਜਾਂਚ ਤੋਂ ਬਾਅਦ ਹੀ ਪੁਸ਼ਟੀ ਹੋ ਸਕੇਗੀ।