ਮਾਛੀਵਾੜਾ ਸਾਹਿਬ ਵਿਖੇ ਘਰ ਚੋਂ ਨਕਦੀ ਤੇ ਗਹਿਣੇ ਚੋਰੀ/ ਚੋਰ 15 ਲੱਖ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ/ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਜਾਂਚ ਕੀਤੀ ਸ਼ੁਰੂ

0
2

ਮਾਛੀਵਾੜਾ ਸਾਹਿਬ ਦੇ ਗੁਰੂ ਨਾਨਕ ਮੁਹੱਲਾ ਵਿਖੇ ਇਕ ਘਰ ਵਿਚੋਂ 15 ਲੱਖ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਘਟਨਾ ਵੇਲੇ ਪਰਿਵਾਰ ਗਊਸ਼ਾਲਾ ਗਿਆ ਹੋਇਆ ਸੀ ਅਤੇ ਘਰ ਵਿਚ ਪਰਿਵਾਰ ਦਾ ਨਾਬਾਬਿਲ ਪੁੱਤਰ ਮੌਜੂਦ ਸੀ, ਜਿਸ ਦੀ ਹਾਜ਼ਰੀ ਵਿਚ ਘਰ ਅੰਦਰ ਦਾਖਲ ਹੋਏ ਚੋਰ ਘਟਨਾ ਅੰਜਾਮ ਦੇਣ ਬਾਅਦ ਫਰਾਰ ਹੋ ਗਏ। ਘਰ ਦੇ ਮਾਲਕ ਅਭੈ ਕੁਮਾਰ ਪੁੱਤਰ ਅਮਰ ਕੁਮਾਰ ਜੈਨ ਦੇ ਦੱਸਣ ਮੁਤਾਬਕ ਚੋਰਾਂ ਨੇ ਬੱਚੇ ਨੂੰ ਹਥਿਆਰ ਦਿਖਾ ਕੇ ਕਿਸੇ ਨੂੰ ਨਾ ਦੱਸਣ ਲਈ ਡਰਾਇਆ ਸੀ। ਪਰਿਵਾਰ ਨੇ ਪੁਲਿਸ ਕੋਲ ਇਕ ਵਿਅਕਤੀ ’ਤੇ ਸ਼ੱਕ ਜਾਹਰ ਕੀਤੀ ਹੈ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਅਭੈ ਕੁਮਾਰ ਪੁੱਤਰ ਅਮਰ ਕੁਮਾਰ ਜੈਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ 15 ਜੁਲਾਈ 2026 ਨੂੰ ਚੋਰੀ ਦੀ ਵਾਰਦਾਤ ਹੋਈ ਸੀ, ਪਰ ਇਸ ਦਾ ਪਤਾ 24 ਜੁਲਾਈ ਨੂੰ ਉਸ ਵੇਲੇ ਲੱਗਾ ਜਦੋਂ ਉਹ ਘਰ ਦੇ ਲਾਕਰ ਵਿੱਚੋਂ ਪੈਸੇ ਕੱਢਣ ਗਏ। ਉਨ੍ਹਾਂ ਦੇ ਮੁਤਾਬਕ ਲਾਕਰ ਵਿੱਚ ਰੱਖੀ ਇੱਕ ਸੋਨੇ ਦੀ ਚੇਨ, ਦੋ ਸੋਨੇ ਦੀਆਂ ਅੰਗੂਠੀਆਂ, ਇੱਕ ਸੋਨੇ ਦੀ ਸੂਈ ਅਤੇ ਕਰੀਬ 15 ਲੱਖ ਰੁਪਏ ਦੀ ਨਕਦੀ ਗਾਇਬ ਸੀ। ਘਟਨਾ ਤੋਂ ਬਾਅਦ ਪਰਿਵਾਰ ਨੇ ਘਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ, ਪਰ ਕੋਈ ਸਪੱਸ਼ਟ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਦੇਖਣ ‘ਤੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਹੋਈ, ਜਦਕਿ ਉਸ ਦੇ ਨਾਲ ਮੌਜੂਦ ਦੂਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।
ਸ਼ਿਕਾਇਤ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਕਰੀਬ 9:30 ਤੋਂ 10:15 ਵਜੇ ਦਰਮਿਆਨ ਪਰਿਵਾਰ ਗੌਸ਼ਾਲਾ ਗਿਆ ਹੋਇਆ ਸੀ। ਘਰ ਵਿੱਚ ਉਨ੍ਹਾਂ ਦਾ ਪੁੱਤਰ ਜੁਵੇਸ਼ ਜੈਨ ਮੌਜੂਦ ਸੀ, ਜਿਸ ਨੂੰ ਮੁੱਖ ਦਰਵਾਜ਼ਾ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਉਹ ਤਾਲਾ ਲਗਾਉਣਾ ਭੁੱਲ ਗਿਆ। ਇਸ ਦੌਰਾਨ ਦੋ ਵਿਅਕਤੀ ਘਰ ਵਿੱਚ ਦਾਖ਼ਲ ਹੋ ਗਏ। ਪੀੜਤ ਨੇ ਦੱਸਿਆ ਕਿ ਜਦੋਂ ਬਾਅਦ ਵਿੱਚ ਪੁੱਤਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਧਮਕਾਇਆ ਸੀ ਅਤੇ ਕਿਸੇ ਨੂੰ ਵੀ ਇਸ ਬਾਰੇ ਦੱਸਣ ‘ਤੇ ਉਸ ਅਤੇ ਉਸ ਦੇ ਮਾਪਿਆਂ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ ਸੀ। ਡਰ ਦੇ ਮਾਰੇ ਬੱਚੇ ਨੇ ਇਹ ਗੱਲ ਇੰਨੇ ਦਿਨਾਂ ਤੱਕ ਪਰਿਵਾਰ ਨੂੰ ਨਹੀਂ ਦੱਸੀ।
ਪੀੜਤ ਪਰਿਵਾਰ ਨੇ ਪੁਲਿਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ। ਮਾਛੀਵਾੜਾ ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਚੋਰੀ ਸਬੰਧੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਮਾਛੀਵਾੜਾ ਬੰਦ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਉਨ੍ਹਾਂ ਜਲਦ ਹੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here