ਪੰਜਾਬ ਸਮਰਾਲਾ ਨੇੜੇ ਸਰਹਿੰਦ ਨਹਿਰ ’ਚ ਡਿੱਗੀ ਇਨੋਵਾ ਕਾਰ/ ਦੋ ਨੌਜਵਾਨਾਂ ਦੀਆਂ ਲਾਸ਼ਾ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ/ ਗੋਤਾਖੋਰਾ ਤੇ ਕਰੇਨ ਦੀ ਮਦਦ ਨਾਲ ਕੱਢਿਆ ਬਾਹਰ By admin - July 25, 2026 0 2 Facebook Twitter Pinterest WhatsApp ਸਮਰਾਲਾ ਨੇੜਿਓ ਲੰਘਦੀ ਸਰਹੰਦ ਨਹਿਰ ਵਿਚ ਇਕ ਇਨੋਵਾ ਕਾਰ ਦੇ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਰਿਆਣਾ ਨੰਬਰ ਦੀ ਇਕ ਕਾਰ ਸਵੇਰ 5 ਵਜੇ ਦੇ ਕਰੀਬ ਨਹਿਰ ਵਿਚ ਡਿੱਗੀ ਸੀ। ਪੁਲਿਸ ਨੇ 112 ਤੇ ਸੂਚਨਾ ਮਿਲਣ ਬਾਅਦ ਦਿਨ ਭਰ ਚਲਾਏ ਰੈਸਕਿਊ ਤੋਂ ਬਾਅਦ ਸ਼ਾਮੀ ਹਾਈਡਰਾ ਕਰੇਨ ਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਕਾਰ ਵਿਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਤੋਂ ਇਲਾਵਾ ਕਾਫੀ ਗਿਣਤੀ ਵਿਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ 19 ਸਾਲਾ ਆਕਾਸ਼ਦੀਪ ਅਤੇ 20 ਸਾਲਾ ਵਿਕਾਸਦੀਪ ਵਾਸੀ ਪਿੰਡ ਸਿੱਖਾਂਵਾਲਾ ਫਰੀਦਕੋਟ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਰੀਦਕੋਟ ਦੇ ਪਿੰਡ ਸਿੱਖਾਂ ਵਾਲਾ ਦੇ ਰਹਿਣ ਵਾਲੇ ਪਰਿਵਾਰਕ ਮੈਂਬਰ ਰਿੰਪੀ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਇਨੋਵਾ ਗੱਡੀ ਵਿੱਚ ਸ਼ਰਾਬ ਲੈ ਕੇ ਆ ਰਹੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਪਿੱਛੋਂ ਆਈਆਂ ਸ਼ਰਾਬ ਦੇ ਠੇਕੇਦਾਰਾਂ ਨਾਲ ਸਬੰਧਤ ਗੱਡੀਆਂ ਨੇ ਉਨ੍ਹਾਂ ਦੀ ਇਨੋਵਾ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸਵੇਰੇ ਕਰੀਬ ਸਾਢੇ ਚਾਰ ਵਜੇ ਸਰਹਿੰਦ ਨਹਿਰ ਵਿੱਚ ਜਾ ਡਿੱਗੀ। ਰਿੰਪੀ ਸਿੰਘ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, 112 ਐਮਰਜੈਂਸੀ ਟੀਮ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਦੌਰਾਨ ਗੋਤਾਖੋਰਾਂ ਨੂੰ ਗੰਧਲੇ ਪਾਣੀ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੋਤਾਖੋਰਾਂ ਨੇ ਰੱਸੀਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਮਦਦ ਨਾਲ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਗੱਡੀ ਦਾ ਪਤਾ ਲਗਾਇਆ ਅਤੇ ਹਾਈਡਰਾ ਕ੍ਰੇਨ ਦੀ ਮਦਦ ਨਾਲ ਉਸ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਐਸਐਚਓ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ ਅਤੇ ਇਸ ਦੀ ਗਿਣਤੀ ਅਤੇ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਇਕੱਠੇ ਕੀਤੇ ਗਏ ਸਬੂਤਾਂ, ਗੱਡੀ ਦੀ ਹਾਲਤ ਅਤੇ ਹੋਰ ਤਕਨੀਕੀ ਪਹਿਲੂਆਂ ਦੀ ਪੜਤਾਲ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਸਿਰਫ਼ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ।