ਜਲੰਧਰ ਦੇ ਨਿੱਜੀ ਹਸਪਤਾਲ ’ਤੇ ਸਿਹਤ ਵਿਭਾਗ ਦਾ ਐਕਸ਼ਨ/ ਫਰਜੀਵਾੜੇ ਦੇ ਦੋਸ਼ਾਂ ਹੇਠ ਬਲੈਕ ਲਿਸਟ ਕੀਤਾ ਹਸਪਤਾਲ/ ਮੁੱਖ ਮੰਤਰੀ ਸਿਹਤ ਯੋਜਨਾ ’ਚ ਕੀਤਾ ਸੀ ਫਰਜ਼ੀਵਾੜਾ

0
2

ਪੰਜਾਬ ਸਰਕਾਰ ਨੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਉਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕੇਸਾਂ ਵਿਚ ਫਰਜ਼ੀਵਾੜਾ ਦੇ ਇਲਜ਼ਾਮਾਂ ਤਹਿਤ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਜਲੰਧਰ ਦੇ ਸਰਵੋਦਿਆ ਹਸਪਤਾਲ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਨੇ ਫਰਜੀਵਾੜਾ ਕਰਦਿਆਂ ਇਕ ਮਰੀਜ਼ ਨੂੰ ਪੋਰਟਲ ਉਤੇ ਆਈਸੀਯੂ ਵਿਚ ਦਾਖਲ ਦਿਖਾਇਆ ਗਿਆ ਸੀ। ਮੌਕੇ ਤੇ ਨਿਰੀਖਣ ਕਰਨ ਉਤੇ ਇਹ ਮਰੀਜ਼ ਹਾਈ ਡਿਪੈਂਡੈਂਸੀ ਯੂਨਿਟ ਵਿਚ ਦਾਖਲ ਪਾਇਆ ਗਿਆ, ਜਿਸ ਤੋਂ ਬਾਅਦ ਇਸ ਹਸਪਤਾਲ ਕਾਰਵਾਈ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਦਾ ਆਡਿਟ ਕਰ ਰਹੀਆਂ ਹਨ, ਜਿਸ ਦੇ ਤਹਿਤ ਕੁਝ ਦਿਨ ਪਹਿਲਾਂ ਟੀਮ ਨੇ ਸਰਵੋਦਿਆ ਹਸਪਤਾਲ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਮਰੀਜ਼ ਨੂੰ ਪੋਰਟਲ ‘ਤੇ ਆਈਸੀਯੂ ਵਿੱਚ ਇਲਾਜ ਅਧੀਨ ਦਿਖਾਇਆ ਗਿਆ ਸੀ, ਪਰ ਮੌਕੇ ‘ਤੇ ਨਿਰੀਖਣ ਤੋਂ ਪਤਾ ਲੱਗਾ ਕਿ ਉਸਨੂੰ ਐਚਡੀਯੂ ਵਿੱਚ ਦਾਖਲ ਕੀਤਾ ਗਿਆ ਸੀ। ਟੀਮ ਨੇ ਆਪਣੀ ਰਿਪੋਰਟ ਸਿਹਤ ਵਿਭਾਗ ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਵਿਭਾਗ ਨੂੰ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨ ਦੇ ਬਦਲੇ ਹਸਪਤਾਲ ਵਿਰੁੱਧ ਪੈਸੇ ਲੈਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਸਰਵੋਦਿਆ ਹਸਪਤਾਲ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ 14 ਨਿੱਜੀ ਹਸਪਤਾਲਾਂ ਨੂੰ ਮਰੀਜ਼ਾਂ ਦੇ ਇਲਾਜ ਵਿੱਚ ਬੇਨਿਯਮੀਆਂ ਅਤੇ ਧੋਖਾਧੜੀ ਲਈ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ‘ਤੇ ਕੁੱਲ 7,867,301 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਛੇ ਮਰੀਜ਼ਾਂ ਨੂੰ ਇਸ ਯੋਜਨਾ ਤਹਿਤ ਉਨ੍ਹਾਂ ਤੋਂ ਲਏ ਗਏ ਪੈਸੇ ਵਿੱਚੋਂ 2,94,024 ਰੁਪਏ ਵਾਪਸ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਲਈ ਭੁਗਤਾਨ ਦੀ ਮੰਗ ਕਰਦਾ ਹੈ, ਤਾਂ ਹੈਲਪਲਾਈਨ ਨੰਬਰ 104 ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਰਕਾਰ ਨਾ ਸਿਰਫ਼ ਮਰੀਜ਼ ਦੇ ਪੈਸੇ ਵਾਪਸ ਕਰੇਗੀ ਸਗੋਂ ਇਲਾਜ ਵੀ ਕਰਵਾਏਗੀ।

LEAVE A REPLY

Please enter your comment!
Please enter your name here