ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਖ਼ਾਲਸਾ ਮਾਰਚ ਸ਼ੁਰੂ/ 3 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ ਸਮਾਪਤੀ/ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਣਾ ਹੈ ਮੁੱਖ ਮਕਸਦ

0
2

ਮੀਰੀ-ਪੀਰੀ ਦਿਹਾੜੇ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ੇਸ਼ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਸ਼ੁਰੂਆਤ ਕੀਤੀ ਗਈ। ਇਸ ਧਾਰਮਿਕ ਅਤੇ ਜਾਗਰੂਕਤਾ ਮਾਰਚ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ, ਅਕਾਲੀ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਐਸਜੀਪੀਸੀ ਅਨੁਸਾਰ ਇਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋ ਕੇ ਵੱਖ ਵੱਖ ਸ਼ਹਿਰਾਂ ਵਿਚੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਮਾਰਚ ਵਿਚ ਸ਼ਾਮਲ ਹੋਏ ਸੁਖਬੀਰ ਬਾਦਲ ਨੇ ਸਮੂਹ ਸਿੱਖ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਇਸ ਖ਼ਾਲਸਾ ਮਾਰਚ ਦੀ ਸ਼ੁਰੂਆਤ ਹੋਈ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੁੱਚੀ ਕੌਮ ਨੂੰ ਮਾਰਚ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨੇ ਦਿਨ ਇਹ ਮਾਰਚ ਚੱਲੇ, ਸੰਗਤ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਦਾ ਹਿੱਸਾ ਬਣੇ ਅਤੇ ਗੁਰੂ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਵੇ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ‘ਸਾਲ 1606 ਤੋਂ ਲੈ ਕੇ ਅੱਜ ਤੱਕ ਕਈ ਹਕੂਮਤਾਂ ਅਤੇ ਤਾਕਤਾਂ ਨੇ ਇਸ ਸਿਧਾਂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਸਿਧਾਂਤਾਂ ‘ਤੇ ਅਡੋਲ ਰਿਹਾ ਅਤੇ ਸਿੱਖ ਕੌਮ ਨੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਸਮਾਂ ਮੰਗ ਕਰਦਾ ਹੈ ਕਿ ਸਿੱਖ ਕੌਮ ਆਪਣੇ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨੂੰ ਪਛਾਣੇ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਸਿਧਾਂਤ ਨਾਲ ਜੁੜੀ ਰਹੇ। ਇਸ ਖ਼ਾਲਸਾ ਮਾਰਚ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ, ਭੈੜੀਆਂ ਆਦਤਾਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਗੁਰਬਾਣੀ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਿੱਖੀ ਸਰੂਪ ਨਾਲ ਜੋੜਨਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਨੂੰ ਪੰਜਾਬ ਦੇ ਹਰ ਪਿੰਡ ਅਤੇ ਹਰ ਘਰ ਤੱਕ ਪਹੁੰਚਾਉਣਾ ਵੀ ਇਸ ਯਾਤਰਾ ਦਾ ਮੁੱਖ ਉਦੇਸ਼ ਹੈ।’
ਜਥੇਦਾਰ ਗੜਗੱਜ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ “ਉਹ ਵੱਡੀ ਗਿਣਤੀ ਵਿੱਚ ਇਸ ਮਾਰਚ ਦਾ ਹਿੱਸਾ ਬਣਨ, ਗੁਰੂ ਸਾਹਿਬ ਨਾਲ ਜੁੜਨ ਅਤੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ। ਖ਼ਾਲਸਾ ਪੰਥ ਦੀ ਮਜ਼ਬੂਤੀ ਲਈ ਹਰ ਸਿੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜੇ ਪੰਥ ਮਜ਼ਬੂਤ ਰਹੇਗਾ ਤਾਂ ਸਿੱਖ ਕੌਮ ਵੀ ਮਜ਼ਬੂਤ ਰਹੇਗੀ, ਪਰ ਜੇ ਸਾਡੇ ਕਾਰਨ ਪੰਥ ਕਮਜ਼ੋਰ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਸਿੱਖ ਨੌਜਵਾਨਾਂ ਵਿੱਚ ਇਸ ਮਾਰਚ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਸੰਗਤ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ ਇਸ ਗੱਲ ਦਾ ਸੰਕੇਤ ਹੈ ਕਿ ਇਹ ਮਾਰਚ ਪੰਜਾਬ ਭਰ ਵਿੱਚ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।”
ਐਸਜੀਪੀਸੀ ਅਨੁਸਾਰ ਇਹ ਮਾਰਚ 24 ਜੁਲਾਈ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਇਹ ਯਾਤਰਾ ਹਾਲ ਗੇਟ, ਪੁਤਲੀਘਰ, ਛੇਹਰਟਾ ਸਾਹਿਬ, ਅਟਾਰੀ ਸਮੇਤ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਪਹਿਲੇ ਦਿਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ, ਬੀੜ ਠੱਠਾ ਵਿਖੇ ਰਾਤ ਦਾ ਵਿਸ਼ਰਾਮ ਕਰੇਗੀ। ਇਸ ਤੋਂ ਬਾਅਦ ਇਹ ਮਾਰਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗੋਇੰਦਵਾਲ ਸਾਹਿਬ, ਧਰਮਕੋਟ (ਮੋਗਾ), ਵਜੀਦਪੁਰ, ਫ਼ਰੀਦਕੋਟ, ਜੈਤੋ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਉਨ੍ਹਾ ਨੇ ਸਮੂਹ ਸੰਗਤ ਨੂੰ ਇਸ ਧਾਰਮਿਕ ਯਾਤਰਾ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਸੇਵਾ, ਸਫ਼ਾਈ ਅਤੇ ਲੰਗਰ ਵਰਗੀਆਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ।

LEAVE A REPLY

Please enter your comment!
Please enter your name here