ਗੁਰਦਾਸਪੁਰ ’ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ/ ਦੋ ਧਿਰਾਂ ਵਿਚਾਲੇ ਲੜਾਈ ਵੇਖਣ ਦੌਰਾਨ ਲੱਗੀ ਗੋਲੀ/ ਪਰਿਵਾਰ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ

0
2

ਗੁਰਦਾਸਪੁਰ ਦੇ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਭਗਵਾਂ ਵਿਖੇ ਦੋ ਧਿਰਾਂ ਦਰਮਿਆਨ ਹੋ ਰਿਹਾ ਝਗੜਾ ਵੇਖਣ ਗਏ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ। 30 ਸਾਲਾ ਵਿਜੇ ਮਸੀਹ ਝਗੜਾ ਵੇਖਣ ਲਈ ਘਰੋਂ ਨਿਕਲਿਆ ਸੀ। ਇਸੇ ਦੌਰਾਨ ਇਕ ਧਿਰ ਵੱਲੋਂ ਚਲਾਈ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਿਆ। ਵਿਜੇ ਮਸੀਹ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ ਕ੍ਰਿਸਚਨ ਸਮੁਦਾਏ ਅਤੇ ਜੱਟ ਬਿਰਾਦਰੀ ਦੇ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚਲ ਰਹੀ ਸੀ। ਇਸ ਦੌਰਾਨ ਬੀਤੀ ਰਾਤ ਵੀ ਦੋਹਾਂ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇੱਕ ਧਿਰ ਵੱਲੋਂ ਬਾਹਰੋਂ ਕੁਝ ਵਿਅਕਤੀ ਵੀ ਪਿੰਡ ਵਿੱਚ ਬੁਲਾ ਲਏ ਗਏ। ਪਿੰਡ ਦਾ ਹੀ ਇੱਕ ਨੌਜਵਾਨ ਵਿਜੇ ਮਸੀਹ ਉਮਰ 30 ਸਾਲ ਆਪਣੀ ਮਾਂ ਨਾਲ ਝਗੜਾ ਵੇਖਣ ਬਾਹਰ ਨਿਕਲਿਆ ਸੀ ਕਿ ਇੱਕ ਧਿਰ ਵੱਲੋ ਉਸਦੇ ਸਿਰ ਤੇ ਗੋਲੀ ਮਾਰ ਦਿੱਤੀ ਗਈ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਮੌਕੇ ਤੇ ਪਹੁੰਚੇ ਡੀਐਸਪੀ ਸ਼ਾਹਬਾਜ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਮੌਕੇ ਤੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

LEAVE A REPLY

Please enter your comment!
Please enter your name here