ਸ਼ਹੀਦ ਕਾਮਰੇਡ ਦੀ ਯਾਦਗਾਰ ’ਤੇ ਕਬਜ਼ੇ ਦਾ ਮਾਮਲਾ/ ਸੋਨੀਆ ਮਾਨ ’ਤੇ ਲੱਗੇ ਸੀ ਕਬਜ਼ੇ ਦੇ ਇਲਜ਼ਾਮ/ ਸੋਨੀਆ ਮਾਨ ਨੇ ਪਰਿਵਾਰ ਨੇ ਦੋਸ਼ ਨਕਾਰੇ

0
2

 

ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਦੀ ਯਾਦ ਵਿੱਚ ਬਣੇ ਦਫ਼ਤਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਪਿਛਲੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਨੇ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾਨ ‘ਤੇ ਦਫ਼ਤਰ ‘ਤੇ ਕਬਜ਼ਾ ਕਰ ਕੇ ਇਸ ਨੂੰ ਪਾਰਟੀ ਦਫ਼ਤਰ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਜਵਾਬ ਵਿੱਚ ਅੱਜ ਸੋਨੀਆ ਮਾਨ ਦੇ ਸਮਰਥਕ ਅਤੇ ਸ਼ਹੀਦ ਬਲਦੇਵ ਸਿੰਘ ਮਾਨ ਦੀ ਧਰਮ ਪਤਨੀ ਪਰਮਜੀਤ ਕੌਰ ਯਾਦਗਾਰ ਸਥਾਨ ‘ਤੇ ਪਹੁੰਚੇ ਅਤੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ।
ਸਮਰਥਕਾਂ ਨੇ ਕਿਹਾ ਕਿ ਸੋਨੀਆ ਮਾਨ ਜਾਂ ਉਨ੍ਹਾਂ ਦੇ ਪਰਿਵਾਰ ਦੀ ਦਫ਼ਤਰ ‘ਤੇ ਕਬਜ਼ਾ ਕਰਨ ਦੀ ਕੋਈ ਮਨਸ਼ਾ ਨਹੀਂ ਹੈ। ਉਨ੍ਹਾਂ ਦਾ ਮਕਸਦ ਸਿਰਫ਼ ਇਹ ਹੈ ਕਿ ਸ਼ਹੀਦ ਬਲਦੇਵ ਸਿੰਘ ਮਾਨ ਦੀ ਯਾਦਗਾਰ ਦੀ ਮੂਲ ਸ਼ਕਲ ਬਰਕਰਾਰ ਰਹੇ ਅਤੇ ਜਿਸ ਥਾਂ ਪਹਿਲਾਂ ਰਸੋਈ ਸੀ, ਉਸ ਨੂੰ ਦੁਬਾਰਾ ਰਸੋਈ ਵਜੋਂ ਹੀ ਰੱਖਿਆ ਜਾਵੇ। ਇਸ ਦੌਰਾਨ ਕਿਸਾਨ ਆਗੂਆਂ ‘ਤੇ ਦੋਸ਼ ਲਗਾਇਆ ਗਿਆ ਕਿ ਉਹ ਦਫ਼ਤਰ ਦੀ ਜਗ੍ਹਾ ਵਿੱਚ ਦੁਕਾਨਾਂ ਬਣਾ ਕੇ ਕਿਰਾਇਆ ਇਕੱਠਾ ਕਰ ਰਹੇ ਹਨ ਅਤੇ ਯਾਦਗਾਰ ਦੀ ਦਿੱਖ ਖਰਾਬ ਕੀਤੀ ਜਾ ਰਹੀ ਹੈ।
ਸੋਨੀਆ ਮਾਨ ਦੀ ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਜਾਂ ਸੋਨੀਆ ਮਾਨ ਨੂੰ ਕਿਸੇ ਵੀ ਜਾਇਦਾਦ ਦਾ ਲਾਲਚ ਨਹੀਂ ਹੈ। ਉਨ੍ਹਾਂ ਨੇ ਲਾਇਬ੍ਰੇਰੀ ਬਣਾਉਣ ਲਈ 5 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਦੁਹਰਾਈ ਅਤੇ ਅਪੀਲ ਕੀਤੀ ਕਿ ਯਾਦਗਾਰ ਨੂੰ ਵਪਾਰਕ ਰੂਪ ਨਾ ਦਿੱਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਮਾਨ ਦੇ ਨਾਮ ‘ਤੇ ਫੰਡ ਦੇਣ ਦੀ ਬਜਾਏ ਉਹ ਪੈਸਾ ਗਰੀਬਾਂ ਦੀ ਮਦਦ ਲਈ ਵਰਤਿਆ ਜਾਵੇ।
ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਦਫ਼ਤਰ ਪਿਛਲੇ ਚਾਰ ਦਹਾਕਿਆਂ ਤੋਂ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਸਬੰਧਤ ਹਰ ਫ਼ੈਸਲਾ ਵੀ ਪਾਰਟੀ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸੋਨੀਆ ਮਾਨ ਦੇ ਪਰਿਵਾਰ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਸਤਿਕਾਰ ਕੀਤਾ ਜਾਵੇਗਾ, ਪਰ ਦਫ਼ਤਰ ਦੀ ਵਰਤੋਂ ਜਾਂ ਕਿਸੇ ਕਮਰੇ ਨੂੰ ਰਸੋਈ ਜਾਂ ਦੁਕਾਨ ਬਣਾਉਣ ਬਾਰੇ ਅੰਤਿਮ ਫ਼ੈਸਲਾ ਪਾਰਟੀ ਦੇ ਅਧਿਕਾਰ ਖੇਤਰ ਵਿੱਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਅਨ ਵੱਲੋਂ ਲਗਾਏ ਗਏ ਦੋਸ਼ ਪੁਖਤਾ ਆਧਾਰ ‘ਤੇ ਲਗਾਏ ਗਏ ਹਨ ਅਤੇ ਸ਼ਹੀਦ ਬਲਦੇਵ ਸਿੰਘ ਮਾਨ ਦੀ ਵਿਰਾਸਤ ਨੂੰ ਪਾਰਟੀ ਅੱਗੇ ਵੀ ਸੰਭਾਲਦੀ ਰਹੇਗੀ।

LEAVE A REPLY

Please enter your comment!
Please enter your name here