ਸਰਹਿੰਦ ’ਚ ਸਫਾਈ ਕਾਮਿਆਂ ਦਾ ਧਰਨਾ ਜਾਰੀ/ ਅਕਾਲੀ ਦਲ ਵੱਲੋਂ ਸਮਰਥਨ ਦਾ ਐਲਾਨ/ ਸਰਕਾਰ ਤੋਂ ਜਾਇਜ਼ ਮੰਗਾਂ ਮੰਨਣ ਦੀ ਮੰਗ

0
1

ਨਗਰ ਕੌਂਸਲ ਸਰਹਿੰਦ ਦੇ ਬਾਹਰ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਵਿੱਢਿਆ ਗਿਆ ਰੋਸ ਪ੍ਰਦਰਸ਼ਨ 16ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਧਰਨਾਕਾਰੀਆਂ ਨੂੰ ਪੂਰਨ ਸਮਰਥਨ ਦਿੱਤਾ। ਬਲਜੀਤ ਸਿੰਘ ਭੁੱਟਾ ਨੇ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਲੋਕਾਂ ਨੂੰ ਕੂੜੇ ਕਾਰਨ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਇਹਨਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰੇ। ਇਸ ਦੇ ਨਾਲ ਹੀ ਉਹਨਾਂ ਬੀਤੇ ਦਿਨੀਂ ਬਰਨਾਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਵੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।
ਧਰਨੇ ‘ਤੇ ਬੈਠੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਮਈ ਮਹੀਨੇ ਦੀ ਹੜਤਾਲ ਦੌਰਾਨ ਸਰਕਾਰ ਨੇ ਮੰਗਾਂ ਹੱਲ ਕਰਨ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ, ਪਰ ਲੰਬਾ ਸਮਾਂ ਬੀਤਣ ‘ਤੇ ਵੀ ਕੋਈ ਗੌਰ ਨਹੀਂ ਕੀਤਾ ਗਿਆ। ਸਰਕਾਰ ਦੀ ਇਸ ਵਾਅਦਾ ਖ਼ਿਲਾਫ਼ੀ ਤੋਂ ਦੁਖੀ ਹੋ ਕੇ ਕਰਮਚਾਰੀਆਂ ਨੇ 8 ਜੁਲਾਈ ਤੋਂ ਮੁੜ ਕੰਮ-ਠੱਪ ਹੜਤਾਲ ਸ਼ੁਰੂ ਕੀਤੀ ਹੈ, ਜਿਸ ਤਹਿਤ ਠੇਕੇ ‘ਤੇ ਕੰਮ ਕਰਦੇ ਸਫ਼ਾਈ ਸੇਵਕ ਪੂਰੀ ਤਰ੍ਹਾਂ ਕੰਮ ਬੰਦ ਰੱਖਣਗੇ।ਯੂਨੀਅਨ ਨੇ ਆਪਣੀਆਂ ਮੁੱਖ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਸਾਰੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਤਨਖਾਹਾਂ ਵਿੱਚ ਵਾਧਾ ਕਰਕੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਸੰਘਰਸ਼ ਨੂੰ ਹੋਰਨਾਂ ਵੱਖ-ਵੱਖ ਜਨਤਕ ਯੂਨੀਅਨਾਂ ਵੱਲੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ।

LEAVE A REPLY

Please enter your comment!
Please enter your name here