ਕਪੂਰਥਲਾ ’ਚ ਸਕੀਆਂ ਭੈਣਾਂ ਨਾਲ ਦਿਨ ਦਿਹਾੜੇ ਲੁੱਟ/ ਤਲਵਾਰ ਦਿਖਾ ਕੇ 4 ਤੋਲੇ ਸੋਨਾ ਲੈ ਕਾ ਫਰਾਰ/ ਪਵਿੱਤਰ ਕਾਲੀ ਵੇਈਂ ਕਿਨਾਰੇ ਵਾਪਰੀ ਘਟਨਾ

0
2

 

ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਸੈਰ ਕਰਨ ਗਈਆਂ ਦੋ ਸਕੀਆਂ ਭੈਣਾਂ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਤਲਵਾਰ ਦੀ ਨੋਕ ‘ਤੇ ਲੁੱਟੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤ ਮਹਿਲਾਵਾਂ ਦੀ ਪਛਾਣ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ ਵਜੋਂ ਹੋਈ ਹੈ, ਜੋ ਸਕੀਆਂ ਭੈਣਾਂ ਹਨ। ਜਾਣਕਾਰੀ ਅਨੁਸਾਰ ਬਲਜੀਤ ਕੌਰ ਆਪਣੀ ਭੈਣ ਕੁਲਵਿੰਦਰ ਕੌਰ ਕੋਲ ਆਈ ਹੋਈ ਸੀ। ਪਰਿਵਾਰ ਦੀ ਸਲਾਹ ‘ਤੇ ਦੋਵੇਂ ਭੈਣਾਂ ਕਾਲੀ ਵੇਈਂ ਦੇ ਕਿਨਾਰੇ ਸੈਰ ਕਰਨ ਲਈ ਗਈਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਇਲਾਕੇ ਵਿੱਚ ਘੁੰਮਦੇ ਦੇਖਿਆ, ਪਰ ਕੁਝ ਹੀ ਪਲਾਂ ਬਾਅਦ ਉਹੀ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਨ੍ਹਾਂ ਕੋਲ ਆਏ ਅਤੇ ਰਸਤਾ ਰੋਕ ਲਿਆ।
ਪੀੜਤਾਂ ਮੁਤਾਬਕ ਉਨ੍ਹਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਘਬਰਾਹਟ ਵਿੱਚ ਦੋਵੇਂ ਡਿੱਗ ਪਈਆਂ। ਇਸ ਤੋਂ ਬਾਅਦ ਇੱਕ ਲੁਟੇਰੇ ਨੇ ਤਲਵਾਰ ਗਰਦਨ ‘ਤੇ ਰੱਖ ਦਿੱਤੀ, ਜਦਕਿ ਬਾਕੀ ਦੋ ਲੁਟੇਰਿਆਂ ਨੇ ਉਨ੍ਹਾਂ ਦੇ ਸਰੀਰ ‘ਤੇ ਪਾਏ ਸੋਨੇ ਦੇ ਗਹਿਣੇ ਉਤਾਰ ਲਏ। ਲੁੱਟੀਆਂ ਗਈਆਂ ਵਸਤਾਂ ਵਿੱਚ ਦੋਵੇਂ ਭੈਣਾਂ ਦੀਆਂ ਸੋਨੇ ਦੀਆਂ ਚੇਨਾਂ, ਮੁੰਦਰੀਆਂ, ਕੰਨਾਂ ਦੇ ਟੌਪਸ ਅਤੇ ਹੋਰ ਸੋਨੇ ਦੇ ਗਹਿਣੇ ਸ਼ਾਮਲ ਹਨ। ਲੁੱਟੇ ਗਏ ਸੋਨੇ ਦਾ ਕੁੱਲ ਵਜ਼ਨ ਕਰੀਬ ਚਾਰ ਤੋਲੇ ਦੱਸਿਆ ਜਾ ਰਿਹਾ ਹੈ।
ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੁਟੇਰਿਆਂ ਨੇ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ। ਤਲਵਾਰ ਦੇ ਡਰ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੀਆਂ ਅਤੇ ਉਨ੍ਹਾਂ ਦੀ ਸੋਨੇ ਦੀ ਚੇਨ, ਮੁੰਦਰੀ ਅਤੇ ਟੌਪਸ ਲੁੱਟ ਲਏ ਗਏ। ਕੁਲਵਿੰਦਰ ਕੌਰ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਲਈ ਬਹੁਤ ਹੀ ਡਰਾਉਣੀ ਸੀ। ਲੁਟੇਰਿਆਂ ਨੇ ਤਲਵਾਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਕੋਲੋਂ ਵੀ ਸੋਨੇ ਦੀ ਚੇਨ, ਮੁੰਦਰੀ, ਟੌਪਸ ਸਮੇਤ ਹੋਰ ਗਹਿਣੇ ਖੋਹ ਲਏ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here