ਪੰਜਾਬ ਫਰੀਦਕੋਟ ਪ੍ਰਸ਼ਾਸਨ ਖਿਲਾਫ ਇਕਜੁਟ ਹੋਏ ਲੋਕ/ ਕੂੜੇ ਦੇ ਢੇਰਾਂ ਨੂੰ ਲੈ ਕੇ ਜਾਹਰ ਕੀਤੀ ਸਖਤ ਨਰਾਜਗੀ/ ਵਿਧਾਇਕ ਤੇ ਡੀਸੀ ਦੀ ਰਿਹਾਇਸ਼ ਅੱਗੇ ਕੂੜਾ ਸੁਟਣ ਦੀ ਚਿਤਾਵਨੀ By admin - July 20, 2026 0 2 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਕੂੜੇ ਦੇ ਲੱਗੇ ਢੇਰਾਂ ਤੋਂ ਅੱਕੇ ਸਥਾਨਕ ਵਾਸੀਆਂ ਨੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਕ ਪਲੇਟਫਾਰਮ ਤੇ ਇਕੱਤਰ ਹੋਏ ਲੋਕਾਂ ਨੇ ਸ਼ਹਿਰ ਅੰਦਰ ਪਿਆ ਕੂੜਾ ਇਕੱਤਰ ਕਰ ਕੇ ਸਥਾਨਕ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਰਿਹਾਇਸ਼ ਅੱਗੇ ਸੁੱਟਣ ਦੀ ਚਿਤਾਵਨੀ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ 8 ਜੁਲਾਈ ਤੋਂ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਚਾਰੇ ਪਾਸੇ ਗੰਦਗੀ ਦੇ ਢੇਰ ਲੱਗ ਚੁੱਕੇ ਨੇ ਪਰ ਸਰਕਾਰ ਮਸਲੇ ਦਾ ਹੱਲ ਕਰਨ ਦੀ ਥਾਂ ਮੂਕ ਦਰਸ਼ਕ ਬਣੀ ਹੋਈ ਹੈ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਸਫਾਈ ਕਾਮਿਆਂ ਦੀ ਹੜਤਾਲ ਖਤਮ ਕਰਵਾ ਕੇ ਸਫਾਈ ਵਿਵਸਥਾ ਦਰੁਸਤ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ 8 ਜੁਲਾਈ ਤੋਂ ਸੂਬਾ ਭਰ ਵਿੱਚ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਸ਼ਹਿਰ ਸ਼ਹਿਰ ਕੂੜੇ ਦੇ ਢੇਰਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਅਤੇ ਜਿਉਣਾ ਦੁੱਬਰ ਹੋ ਚੁੱਕਾ ਹੈ ਕਿਉਂਕਿ ਕੂੜੇ ਦੀ ਬਦਬੂ ਅਤੇ ਗੰਦਗੀ ਦੇ ਚਲਦੇ ਕੂੜੇ ਦੇ ਡੰਪਾਂ ਕੋਲੋ ਲੰਘਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਅਤੇ ਬਰਸਾਤ ਦਾ ਮੌਸਮ ਹੋਣ ਕਰਕੇ ਕਈ ਤਰਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣ ਚੁੱਕਾ ਹੈ। ਇਸੇ ਨੂੰ ਲੈ ਕੇ ਫਰੀਦਕੋਟ ਵਿੱਚ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਗਈ ਜਿੱਥੇ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਵਿੱਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਜੇਕਰ ਸਫਾਈ ਸੇਵਕਾਂ ਦੀਆਂ ਮੰਗਾਂ ਮੰਨ ਕੇ ਇਹ ਹੜਤਾਲ ਖਤਮ ਕਰਵਾ ਕੇ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਸਹੀ ਨਾ ਕੀਤਾ ਗਿਆ ਤਾਂ ਦੋ ਦਿਨਾਂ ਬਾਅਦ ਸ਼ਹਿਰ ਭਰ ਦਾ ਕੂੜਾ ਇਕੱਠਾ ਕਰਕੇ ਫਰੀਦਕੋਟ ਦੇ ਲੋਕਲ ਵਿਧਾਇਕ ਦੀ ਕੋਠੀ ਦੇ ਬਾਹਰ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਦੇ ਦਫਤਰ ਦੇ ਬਾਹਰ ਇਹ ਕੂੜੇ ਦੇ ਢੇਰ ਸੁੱਟੇ ਜਾਣਗੇ। ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਹੁਤ ਹੱਦ ਤੱਕ ਜਾਇਜ਼ ਹਨ ਪਰ ਸਰਕਾਰ ਨਾ ਤਾਂ ਉਹਨਾਂ ਦੀਆਂ ਮੰਗਾਂ ਮੰਨ ਰਹੀ ਹੈ ਅਤੇ ਨਾ ਹੀ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਕੋਈ ਬਦਲਵਾਂ ਹੱਲ ਲੱਭ ਰਹੀ ਹੈ ਜਿਸ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਨਾਲ ਹੀ ਕਿਹਾ ਕਿ ਨਗਰ ਕੌਂਸਲ ਦੀ ਆਪਣੀ ਜਿੰਮੇਵਾਰੀ ਹੈ ਕਿ ਜੋ ਸਫਾਈ ਸੇਵਕ ਭਰਤੀ ਕੀਤੇ ਗਏ ਹਨ। ਉਹਨਾਂ ਦੀਆਂ ਤਨਖਾਵਾਂ ਨਗਰ ਕੌਂਸਲ ਦਵੇ ਪਰ ਫਰੀਦਕੋਟ ਵਿੱਚ ਪਿਛਲੇ ਲੰਬੇ ਸਮੇ ਤੋਂ ਸਫਾਈ ਸੇਵਕਾਂ ਨੂੰ ਆਪਣੀਆਂ ਤਨਖ਼ਾਹ ਲੈਣ ਲਈ ਧਰਨੇ ਲਗਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਰਲ ਕੇ ਸਫਾਈ ਕਰਮਚਾਰੀਆਂ ਨਾਲ ਧਰਨੇ ਤੇ ਬੈਠਾਂਗੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਾਂਗੇ।