ਅੰਮ੍ਰਿਤਸਰ ਪਹੁੰਚੇ ਕਾਂਗਰਸੀ ਆਗੂ ਕੁਲਦੀਪ ਰਾਠੌਰ/ ਰਾਮ ਮੰਦਰ ਚੜ੍ਹਾਵਾ ਮਾਮਲੇ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ/ ਸੁਪਰੀਮ ਕੋਰਟ ਦੀ ਨਿਗਰਾਨੀ ਹੇਠਾਂ ਜਾਂਚ ਦੀ ਮੰਗ

0
2

ਰਾਮ ਮੰਦਰ ਦੇ ਚੜ੍ਹਾਵੇ ਵਿੱਚ ਕਥਿਤ ਚੋਰੀ ਮਾਮਲੇ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਅੰਮ੍ਰਿਤਸਰ ਪਹੁੰਚੇ ਆਲ ਇੰਡੀਆ ਕਾਂਗਰਸ ਬੁਲਾਰਾ ਕੁਲਦੀਪ ਰਾਠੋਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ ਇਸ ਲਈ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਸਿਰਫ਼ ਕੁਝ ਕਰੋੜ ਰੁਪਏ ਦਾ ਨਹੀਂ, ਸਗੋਂ ਹਜ਼ਾਰਾਂ ਕਰੋੜ ਰੁਪਏ ਦੇ ਕਥਿਤ ਗਬਨ ਹੈ, ਜਿਸ ਦੀ ਨਿਰਪੱਖ ਜਾਂਚ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਾਮ ਮੰਦਰ ਟਰੱਸਟ ਨੂੰ ਆਰਟੀਆਈ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ, ਜਿਸ ਕਾਰਨ ਪਾਰਦਰਸ਼ਤਾ ਪ੍ਰਭਾਵਿਤ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਪਰਿਸਰ ਵਿੱਚ ਸਖ਼ਤ ਸੁਰੱਖਿਆ ਅਤੇ ਸੀਸੀਟੀਵੀ ਪ੍ਰਬੰਧ ਹੋਣ ਦੇ ਬਾਵਜੂਦ ਕਥਿਤ ਗੜਬੜ ਕਿਵੇਂ ਹੋਈ, ਇਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ‘ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਇਹ ਮਾਮਲਾ ਕਿਸੇ ਵਿਰੋਧੀ ਧਿਰ ਨਾਲ ਜੁੜਿਆ ਹੁੰਦਾ ਤਾਂ ਕੇਂਦਰੀ ਜਾਂਚ ਏਜੰਸੀਆਂ ਹੁਣ ਤੱਕ ਕਾਰਵਾਈ ਕਰ ਚੁੱਕੀਆਂ ਹੁੰਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ‘ਤੇ ਚੁੱਪ ਹਨ, ਜਦਕਿ ਦੇਸ਼ ਦੀ ਜਨਤਾ ਸੱਚਾਈ ਜਾਣਨਾ ਚਾਹੁੰਦੀ ਹੈ। ਕੁਲਦੀਪ ਰਾਥੌਰ ਨੇ ਅੰਮ੍ਰਿਤਸਰ ਤੋਂ ਮੀਡੀਆ ਰਾਹੀਂ ਮੰਗ ਕੀਤੀ ਕਿ ਰਾਮ ਮੰਦਰ ਚੜ੍ਹਾਵਾ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਸੱਚਾਈ ਦੇਸ਼ ਦੇ ਸਾਹਮਣੇ ਆ ਸਕੇ।

LEAVE A REPLY

Please enter your comment!
Please enter your name here