ਸ਼੍ਰੋਮਣੀ ਕਮੇਟੀ ਦਾ ਫਿਲਮ ਸਤਲੁਜ ਦੇ ਹੱਕ ’ਚ ਰੋਸ ਮਾਰਚ/ ਡੀਸੀ ਨੂੰ ਸੌਂਪਿਆ ਰਾਜਪਾਲ ਦੇ ਨਾਮ ਮੰਗ ਪੱਤਰ/ ਪ੍ਰਧਾਨ ਧਾਮੀ ਬੋਲੇ, ਸੱਚ ਦਬਾਉਣਾ ਚਾਹੁੰਦੀਆਂ ਸਰਕਾਰਾਂ

0
2

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸਤਲੁਜ’ ਫਿਲਮ ‘ਤੇ ਪਾਬੰਦੀ ਦਾ ਸਖਤ ਵਿਰੋਧ ਕੀਤਾ ਹੈ। ਐਸਜੀਪੀਸੀ ਨੇ ਰੋਸ ਮਾਰਚ ਕੱਢ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਹੈ। ਇਸੇ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਵੱਡਾ ਇਕੱਠ ਕੀਤਾ ਗਿਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢ ਕੇ ਪੰਜਾਬ ਦੇ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਆਪਣੇ ਸੰਬੋਧਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਮਹਾਨ ਸ਼ਹੀਦ ਦੇ ਜੀਵਨ ਤੇ ਬਣੀ ਫਿਲਮ ਨੂੰ ਰੋਕਣਾ ਮੰਦਭਾਗਾ ਹੀ ਨਹੀਂ ਸਗੋਂ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਵੀ ਹੈ।
ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਅਣਪਛਾਤੀਆਂ ਲਾਸ਼ਾਂ ਦੇ ਸਸਕਾਰਾਂ ਦਾ ਸੱਚ ਸਾਹਮਣੇ ਲਿਆ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇਤਿਹਾਸਕ ਭੂਮਿਕਾ ਨਿਭਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੈਂਸਰ ਬੋਰਡ ਵੱਲੋਂ ਕਈ ਕੱਟ ਲਗਾਉਣ ਅਤੇ ਫਿਲਮ ਦਾ ਨਾਮ ਬਦਲਣ ਦੇ ਬਾਵਜੂਦ ਇਸ ਨੂੰ ਰਿਲੀਜ਼ ਨਾ ਹੋਣ ਦੇਣਾ ਸਰਕਾਰਾਂ ਦੀ ਮਨਸ਼ਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਐਡਵੋਕੇਟ ਧਾਮੀ ਨੇ ਮੰਗ ਕੀਤੀ ਕਿ ਫਿਲਮ ਤੋਂ ਤੁਰੰਤ ਪਾਬੰਦੀ ਹਟਾ ਕੇ ਇਸ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਨਵੀਂ ਪੀੜ੍ਹੀ ਪੰਜਾਬ ਦੇ ਉਸ ਦੌਰ ਦੀ ਅਸਲੀਅਤ ਅਤੇ ਇਤਿਹਾਸ ਤੋਂ ਜਾਣੂ ਹੋ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਸੈਂਸਰ ਬੋਰਡ ਵਿੱਚ ਐਸਜੀਪੀਸੀ ਦਾ ਇੱਕ ਨੁਮਾਇੰਦਾ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਧਾਰਮਿਕ ਅਤੇ ਇਤਿਹਾਸਕ ਵਿਸ਼ਿਆਂ ਨਾਲ ਸੰਬੰਧਿਤ ਫਿਲਮਾਂ ਨਾਲ ਇਨਸਾਫ਼ ਹੋ ਸਕੇ। ਐਸਜੀਪੀਸੀ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਫਿਲਮ ‘ਤੇ ਪਾਬੰਦੀ ਨਹੀਂ ਹਟਾਈ ਜਾਂਦੀ ਤਾਂ ਐਸਜੀਪੀਸੀ ਇਸ ਨੂੰ ਪਿੰਡ-ਪਿੰਡ ਸੰਗਤ ਤੱਕ ਪਹੁੰਚਾਉਣ ਲਈ ਯਤਨ ਕਰੇਗੀ। ਉਨ੍ਹਾਂ ਸੰਗਤ ਨੂੰ 14 ਤਾਰੀਖ ਨੂੰ ਸਤਲੁਜ ਦਰਿਆ ਦੇ ਕੰਢੇ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।

LEAVE A REPLY

Please enter your comment!
Please enter your name here