ਤਰਨ ਤਾਰਨ ਵਾਸੀਆਂ ਨੂੰ ਮੰਤਰੀ ਬਰਿੰਦਰ ਗੋਇਲ ਦਾ ਤੋਹਫਾ/ 64 ਕਰੋੜ ਨਾਲ ਬਣੇ ਚਾਰ ਡਿਸਟਰੀ ਸਿਸਟਮ ਲੋਕ ਅਰਪਨ/ ਕਿਸਾਨਾਂ ਨੂੰ ਟੇਲ ਸਿਰਿਆਂ ਤੱਕ ਮਿਲੇਗਾ ਨਹਿਰੀ ਪਾਣੀ

0
2

ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਖੇਤ ਤਕ ਨਹਿਰੀ ਪਾਣੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਨੇ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਅੰਦਰ 64 ਕਰੋੜ ਦੀ ਲਾਗਤ ਨਾਲ ਚਾਰ ਡਿਸਟਰੀ ਸਿਸਟਮਾਂ ਦਾ ਪੁਨਰ ਨਿਰਮਾਣ ਕੀਤਾ ਹੈ। ਸਰਕਾਰ ਦੇ ਇਸ ਕਦਮ ਨਾਲ ਇਲਾਕੇ ਦੇ ਵੱਡੀ ਗਿਣਤੀ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਨਹਿਰਾਂ ਦੀ ਡਿਜ਼ਾਈਨ ਸਮਰੱਥਾ ਮੁੜ ਬਹਾਲ ਹੋਈ ਹੈ ਅਤੇ ਹੁਣ ਕਿਸਾਨਾਂ ਨੂੰ ਟੇਲ ਸਿਰਿਆਂ ਤੱਕ ਨਹਿਰੀ ਸਿੰਚਾਈ ਦਾ ਪਾਣੀ ਬਰਾਬਰ ਅਤੇ ਭਰੋਸੇਯੋਗ ਢੰਗ ਨਾਲ ਉਪਲਬੱਧ ਹੋ ਸਕੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਮੁਕੰਮਲ ਕੀਤੇ ਗਏ ਇਹ ਚਾਰੇ ਪ੍ਰੋਜੈਕਟ ਪੰਜਾਬ ਸਰਕਾਰ ਦੀ ਕਿਸਾਨ ਪੱਖੀ ਸੋਚ ਅਤੇ ਨਹਿਰੀ ਸਿੰਚਾਈ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੂਬੇ ਭਰ ਵਿੱਚ ਨਹਿਰੀ ਪ੍ਰਣਾਲੀ ਦੇ ਮਜ਼ਬੂਤੀਕਰਨ ਅਤੇ ਆਧੁਨਿਕੀਕਰਨ ਦੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ, ਤਾਂ ਜੋ ਪੰਜਾਬ ਦੀ ਖੇਤੀ ਨੂੰ ਹੋਰ ਮਜ਼ਬੂਤ ਅਤੇ ਟਿਕਾਊ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਸਿੰਚਾਈ ਲਈ ਟਿਊਬਵੈੱਲਾਂ ’ਤੇ ਨਿਰਭਰਤਾ ਘਟਣ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਵੀ ਵੱਡਾ ਬਲ ਮਿਲੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਮੇਂ ਦੇ ਨਾਲ ਪੁਰਾਣੀਆਂ ਇੱਟਾਂ ਦੀ ਲਾਈਨਿੰਗ ਦੇ ਖ਼ਰਾਬ ਹੋਣ, ਜੋੜਾਂ ਵਿੱਚੋਂ ਮਸਾਲਾ ਨਿਕਲ ਜਾਣ, ਬਰਸਾਤੀ ਨੁਕਸਾਨ, ਦਰੱਖਤਾਂ ਦੀਆਂ ਜੜ੍ਹਾਂ ਅਤੇ ਚੂਹਿਆਂ ਦੇ ਬਿੱਲਾਂ ਕਾਰਨ ਨਹਿਰਾਂ ਦੀ ਸਮਰੱਥਾ ਪ੍ਰਭਾਵਿਤ ਹੋ ਗਈ ਸੀ। ਇਸ ਕਾਰਨ ਖ਼ਾਸ ਕਰਕੇ ਟੇਲ ਸਿਰਿਆਂ ਤੱਕ ਲੋੜੀਂਦੀ ਮਾਤਰਾ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਸਾਲ 2025-26 ਦੌਰਾਨ ਇਨ੍ਹਾਂ ਨਹਿਰੀ ਪ੍ਰਣਾਲੀਆਂ ਦਾ ਵਿਆਪਕ ਪੁਨਰ-ਨਿਰਮਾਣ ਅਤੇ ਨਵੀਨੀਕਰਨ ਕਰਵਾ ਕੇ ਇਹ ਸਮੱਸਿਆ ਦੂਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰਸੂਲਪੁਰ ਡਿਸਟਰੀ ਸਿਸਟਮ, ਜੋ ਕਸੂਰ ਬ੍ਰਾਂਚ ਲੋਅਰ ਦੇ ਆਰ.ਡੀ. 257753/ਐੱਲ ਤੋਂ ਨਿਕਲਦਾ ਹੈ, ਦੀ ਡਿਜ਼ਾਈਨ ਹੈੱਡ ਡਿਸਚਾਰਜ ਸਮਰੱਥਾ 343 ਕਿਊਸਿਕ ਹੈ। ਇਸ ਸਿਸਟਮ ਵਿੱਚ ਰਸੂਲਪੁਰ ਡਿਸਟਰੀ, ਰਸੂਲਪੁਰ ਮਾਈਨਰ, ਚੁਸਲੇਵਰ ਮਾਈਨਰ, ਬਰਵਾਲਾ ਮਾਈਨਰ, ਸੈਦੋ ਸਬ ਮਾਈਨਰ ਅਤੇ ਚੀਮਾ ਸਬ ਮਾਈਨਰ ਸ਼ਾਮਲ ਹਨ। ਇਹ ਪ੍ਰੋਜੈਕਟ 38,674 ਏਕੜ ਕਲਚਰੇਬਲ ਕਮਾਂਡ ਏਰੀਆ ਨੂੰ ਸਿੰਚਾਈ ਦੀ ਸਹੂਲਤ ਪ੍ਰਦਾਨ ਕਰਦਾ ਹੈ ਅਤੇ ਜੰਡੋਕੇ, ਲੌਕਾ, ਜੌੜਾ, ਖੱਬਾ ਰਾਜਪੂਤਾਂ, ਨਾਥੂਚੱਕ, ਕੈਰੋਂ, ਸਰਹਾਲੀ ਮੰਡਾ, ਕੰਡਿਆਲਾ, ਪੱਟੀ, ਬਹਿਮਨੀਵਾਲਾ, ਠਾਕਰਪੁਰ, ਚੁਸਲੇਵਰ, ਚੀਮਾ, ਬੋਪਾਰਾਏ, ਧਾਰੀਵਾਲ, ਪ੍ਰਾਗਪੁਰਾ, ਧਿਗਾਣਾ, ਘੜਿਆਲਾ, ਠੱਠਾ, ਵਰਨਾਲਾ, ਪੁੰਨੀਆਂ, ਮਨਕੇ ਜੰਡ, ਰਾਮ ਖਾਰਾ, ਸ਼ਹੀਦ, ਬਰਵਾਲਾ, ਡੁੱਬਲੀ, ਤਲਵੰਡੀ ਸੋਭਾ ਸਿੰਘ, ਕਾਲੇਕੇ ਉੱਤਰ, ਤਲਵੰਡੀ, ਤਲਵੰਡੀ ਮਸਤਾਨ ਸਿੰਘ ਅਤੇ ਤਲਵੰਡੀ ਮੋਹਣ ਸਿੰਘ ਸਮੇਤ ਕਈ ਪਿੰਡਾਂ ਨੂੰ ਲਾਭ ਪਹੁੰਚਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਮਾਰਾਏ ਡਿਸਟਰੀ ਸਿਸਟਮ, ਜਿਸ ਵਿੱਚ ਜਮਾਰਾਏ ਡਿਸਟਰੀ ਅਤੇ ਘੜਕਾ ਮਾਈਨਰ ਸ਼ਾਮਲ ਹਨ, 114.92 ਕਿਊਸਿਕ ਦੀ ਹੈੱਡ ਡਿਸਚਾਰਜ ਸਮਰੱਥਾ ਨਾਲ 23,509 ਏਕੜ ਰਕਬੇ ਨੂੰ ਸਿੰਚਾਈ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸੇ ਤਰ੍ਹਾਂ ਪੱਟੀ ਡਿਸਟਰੀ ਸਿਸਟਮ, ਜੋ ਸਬਰਾਓਂ ਬ੍ਰਾਂਚ ਤੋਂ ਨਿਕਲਦਾ ਹੈ, 234.32 ਕਿਊਸਿਕ ਦੀ ਹੈੱਡ ਡਿਸਚਾਰਜ ਸਮਰੱਥਾ ਨਾਲ 26,898 ਏਕੜ ਕਲਚਰੇਬਲ ਕਮਾਂਡ ਏਰੀਆ ਨੂੰ ਨਹਿਰੀ ਪਾਣੀ ਉਪਲਬਧ ਕਰਵਾ ਰਿਹਾ ਹੈ, ਜਿਸ ਨਾਲ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਲਾਭਾਨਵਿਤ ਹੋ ਰਹੇ ਹਨ।
ਬਰਿੰਦਰ ਗੋਇਲ ਨੇ ਵਿਸ਼ੇਸ਼ ਤੌਰ ’ਤੇ ਦੁਮਣੀਵਾਲਾ ਡਿਸਟਰੀ ਸਿਸਟਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਸਟਮ ਕਰੀਬ ਪੰਜ ਦਹਾਕਿਆਂ ਤੋਂ ਗੈਰ-ਕਾਰਜਸ਼ੀਲ ਪਿਆ ਸੀ। ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਪ੍ਰਵਾਨਗੀ ਉਪਰੰਤ ਮਾਲ ਰਿਕਾਰਡ ਅਨੁਸਾਰ ਨਹਿਰ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਲੇਅਰਵਾਈਜ਼ ਅਰਥ ਫਿਲਿੰਗ, ਕੰਪੈਕਸ਼ਨ ਅਤੇ ਕੰਕਰੀਟ ਲਾਈਨਿੰਗ ਰਾਹੀਂ ਇਸ ਨੂੰ ਮੁੜ ਚਾਲੂ ਕੀਤਾ ਗਿਆ। ਹੁਣ ਇਹ ਸਿਸਟਮ 58.55 ਕਿਊਸਿਕ ਦੀ ਸਮਰੱਥਾ ਨਾਲ 8,416 ਏਕੜ ਰਕਬੇ ਨੂੰ ਨਹਿਰੀ ਸਿੰਚਾਈ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ ਤਾਂ ਜੋ ਕਿਸਾਨਾਂ ਨੂੰ ਸਸਤੀ ਅਤੇ ਭਰੋਸੇਯੋਗ ਸਿੰਚਾਈ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਨਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਨਾਲ ਨਾ ਸਿਰਫ਼ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਹੋਵੇਗਾ, ਸਗੋਂ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਵੀ ਘਟੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਯਕੀਨੀ ਬਣੇਗੀ।

LEAVE A REPLY

Please enter your comment!
Please enter your name here