ਈਰਾਨ ਵਿਚ ਏਜੰਟਾਂ ਵੱਲੋਂ ਅਗਵਾ ਕੀਤੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਛੁਡਵਾ ਲਿਆ ਗਿਆ ਐ। ਈਰਾਨ ਦੀ ਤਹਿਰਾਣ ਪੁਲਿਸ ਨੇ ਨੌਜਵਾਨਾਂ ਨੂੰ ਅਗਵਾਕਾਰਾਂ ਦੇ ਕਬਜ਼ੇ ਵਿਚੋਂ ਬਰਾਮਦ ਕਰ ਕੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਐ। ਇਨ੍ਹਾਂ ਨੌਜਵਾਨਾਂ ਵਿਚ ਸੰਗਰੂਰ ਦੇ ਧੂਰੀ ਨਾਲ ਸਬੰਧਤ ਹੁਸਨਪ੍ਰੀਤ ਸਿੰਘ ਵੀ ਸ਼ਾਮਲ ਐ। ਹੁਸਨਪ੍ਰੀਤ ਦੀ ਰਿਹਾਈ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ 18 ਲੱਖ ਖਰਚ ਕੇ ਹੁਸ਼ਨਪ੍ਰੀਤ ਨੂੰ ਵਰਕ ਪਰਮਿਟ ਤੇ ਵਿਦੇਸ਼ ਭੇਜਿਆ ਸੀ ਪਰ ਏਜੰਟਾਂ ਨੇ ਧੋਖੇ ਨਾਲ ਇਰਾਨ ਵਿਚ ਫਸਾ ਦਿੱਤਾ ਸੀ। ਨੌਜਵਾਨਾਂ ਦੀ ਰਿਹਾਈ ਭਾਰਤ ਸਰਕਾਰ ਦੀਆਂ ਕੋਸ਼ਿਸ਼ ਸਦਕਾ ਹੋਈ ਐ। ਪਰਿਵਾਰ ਨੇ ਭਾਰਤ ਤੇ ਇਰਾਨ ਸਰਕਾਰ ਦੀ ਮਦਦ ਲਈ ਧੰਨਵਾਦ ਕੀਤਾ ਐ। ਇਸੇ ਦੌਰਾਨ ਹੁਸਨਪ੍ਰੀਤ ਦੀ ਮਾਤਾ ਤੇ ਦਾਦੀ ਨੇ ਹੁਸਨਪ੍ਰੀਤ ਨਾਲ ਫੋਨ ਤੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਹ ਖੁਸ਼ੀ ਦੀ ਹੰਝੂ ਰੋਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਅਸੀਂ 18 ਲੱਖ ਲਾ ਕੇ ਬੱਚੇ ਨੂੰ ਆਸਟਰੇਲੀਆ ਵਰਕ ਪਰਮਿਟ ਤੇ ਭੇਜਿਆ ਸੀ ਪਰ ਏਜੰਟਾਂ ਨੇ ਉਹਨਾਂ ਨੂੰ ਈਰਾਨ ਵਿੱਚ ਫਸਾ ਦਿੱਤਾ। ਇੱਕ ਮਹੀਨੇ ਤੱਕ ਕੋਈ ਸੰਪਰਕ ਨਹੀਂ ਹੋਇਆ ਸੀ ਜਦੋਂ ਵੀਡੀਓ ਆਉਂਦੀ ਸੀ ਕੱਟੇ ਵੱਡੇ ਹੋਏ ਦਿਖਾਏ ਜਾਂਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਅਤੇ ਇਰਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਦੇ ਸਹਿਯੋਗ ਦੇ ਨਾਲ ਸਾਡੇ ਬੱਚੇ ਸੁਰੱਖਿਤ ਵਾਪਸ ਮਿਲੇ। ਹੁਸਨਪ੍ਰੀਤ ਦੀ ਮਾਤਾ ਦਾ ਕਹਿਣਾ ਬੇਟੇ ਨਾਲ ਗੱਲ ਹੋਈ ਹੈ ਉਹ ਠੀਕ ਹਨ ਕੁਝ ਦਿਨਾਂ ਬਾਅਦ ਪੰਜਾਬ ਪਰਤਣਗੇ। ਛੁਡਵਾਏ ਗਏ ਨੌਜਵਾਨ ਸੰਗਰੂਰ ਦੇ ਹੁਸਨਪ੍ਰੀਤ ਸਿੰਘ, ਨਵਾਂਸ਼ਹਿਰ ਦੇ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦੇ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਅਤ ਵਾਪਸੀ ਦੀ ਖ਼ਬਰ ਨੇ ਪਰਿਵਾਰ ਵਿੱਚ ਖ਼ੁਸ਼ੀ ਲਿਆਂਦੀ। 18 ਦਿਨਾਂ ਬਾਅਦ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਇਕ ਟ੍ਰੈਵਲ ਏਜੰਟ ਨੇ ਤਿੰਨਾਂ ਨੂੰ ਵਰਕ ਪਰਮਿਟ ‘ਤੇ ਸਿੱਧੇ ਆਸਟ੍ਰੇਲੀਆ ਭੇਜਣ ਅਤੇ ਉਨ੍ਹਾਂ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਹ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਆਸਟ੍ਰੇਲੀਆ ਜਾਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਈਰਾਨ ਰਾਹੀਂ ਜਾਣਾ ਪਵੇਗਾ। ਤਿੰਨਾਂ ਨੂੰ 1 ਮਈ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚਣ ‘ਤੇ ਅਗਵਾ ਕਰ ਲਿਆ ਗਿਆ ਸੀ। ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮਾਂ ਗੁਰਦੀਪ ਕੌਰ ਨੇ ਕਿਹਾ ਕਿ 18 ਦਿਨਾਂ ਬਾਅਦ ਉਸ ਦੇ ਪੁੱਤਰ ਦੀ ਸੁਰੱਖਿਅਤ ਹੋਣ ਦੀ ਖ਼ਬਰ ਨੇ ਉਸ ਦੇ ਦਿਲ ਨੂੰ ਰਾਹਤ ਦਿੱਤੀ ਹੈ। ਉਹ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕੀ ਪਰ ਜਦੋਂ ਉਸ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਤਾਂ ਉਸ ਨੂੰ ਸ਼ਾਂਤੀ ਮਹਿਸੂਸ ਹੋਈ। ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਚਿੰਤਾ ਨਾ ਕਰੋ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਪਿੰਡ ਲੰਗੋਆ ਵਿੱਚ ਜਸਪਾਲ ਦੇ ਘਰ ਖ਼ੁਸ਼ੀ ਦਾ ਮਾਹੌਲ ਰਿਹਾ। ਬੁੱਧਵਾਰ ਨੂੰ ਘਰ ਵਿੱਚ ਦਾਦੀ ਸੁਖਵੰਤ ਨੰਦ, ਮਾਂ ਨਰਿੰਦਰ ਕੌਰ, ਪਤਨੀ ਕੁਲਦੀਪ ਕੌਰ ਅਤੇ ਦੋਵੇਂ ਬੱਚੇ ਮੌਜੂਦ ਸਨ। ਜਦੋਂ ਪੱਤਰਕਾਰਾਂ ਨੇ ਉਸ ਦੀ ਰਿਹਾਈ ਦੀ ਜਾਣਕਾਰੀ ਦਿੱਤੀ ਤਾਂ ਸਾਰੇ ਮੈਂਬਰਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ। ਪਰਿਵਾਰ ਨੇ ਆਖਰੀ ਵਾਰ 16 ਮਈ ਨੂੰ ਜਸਪਾਲ ਨਾਲ ਗੱਲ ਕੀਤੀ ਸੀ। ਉਦੋਂ ਤੋਂ ਹਰ ਦਿਨ ਪਰਿਵਾਰ ਲਈ ਇਕ ਸਾਲ ਵਰਗਾ ਰਿਹਾ ਹੈ। ਮਾਂ ਨੇ ਕਿਹਾ ਕਿ ਹੁਣ ਮੇਰਾ ਪੁੱਤਰ ਘਰ ਵਾਪਸ ਆ ਜਾਵੇਗਾ ਪਰ ਮੈਂ ਉਸ ਨੂੰ ਕਦੇ ਵਿਦੇਸ਼ ਨਹੀਂ ਭੇਜਾਂਗੀ।