ਬਿਜਲੀ ਕਿੱਲਤ ਨੂੰ ਲੈ ਕੇ ਬੋਲੇ ਖੇਤੀ ਮੰਤਰੀ ਖੁੱਡੀਆਂ/ ਤਕਨੀਕੀ ਖਰਾਬੀ ਕਾਰਨ ਦਿੱਕਤ ਆਉਣ ਦਾ ਦਾਅਵਾ/ ਕਿਹਾ, ਜਲਦ ਹੀ ਕਰ ਦਿੱਤਾ ਜਾਵੇਗਾ ਮਸਲੇ ਦਾ ਹੱਲ

0
3

 

ਝੋਨੇ ਦੀ ਲੁਆਈ ਦੇ ਚੱਲ ਰਹੇ ਸੀਜ਼ਨ ਦੌਰਾਨ ਕਈ ਇਲਾਕਿਆਂ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਨੇ ਮੰਨਿਆ ਕਿ ਕੁਝ ਤਕਨੀਕੀ ਖਰਾਬੀਆਂ ਕਾਰਨ ਕਿਸਾਨਾਂ ਨੂੰ ਦਿੱਕਤ ਆਈ ਹੈ, ਜਿਸ ਲਈ ਉਹ ਮੁਆਫ਼ੀ ਚਾਹੁੰਦੇ ਹਨ, ਪਰ ਸਰਕਾਰ ਵੱਲੋਂ ਇਸ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਬਿਜਲੀ ਨੂੰ ਲੈ ਕੇ ਕੋਈ ਵੱਡੀ ਤਕਲੀਫ਼ ਨਹੀਂ ਆਈ ਸੀ ਅਤੇ ਸਰਕਾਰ ਨੇ ਹਮੇਸ਼ਾ ਕਿਸਾਨਾਂ ਨੂੰ ਵੱਧ ਤੋਂ ਵੱਧ ਬਿਜਲੀ ਦੇਣ ਦੇ ਯਤਨ ਕੀਤੇ ਹਨ। ਇਸ ਵਾਰ ਆਈ ਦਿੱਕਤ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਪ੍ਰਬੰਧਾਂ ਦੀ ਘਾਟ ਨਹੀਂ, ਸਗੋਂ ਚਲਦੀਆਂ ਮਸ਼ੀਨਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਹੋਇਆ ਹੈ, ਜਿਸ ਨੂੰ ਰਿਪੇਅਰ ਕਰਨ ਵਿੱਚ ਥੋੜ੍ਹਾ ਸਮਾਂ ਲੱਗ ਗਿਆ।
ਮੰਤਰੀ ਖੁੱਡੀਆ ਨੇ ਵਿਰੋਧੀ ਲੀਡਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੇ ਥਾਵਾਂ ‘ਤੇ ਕਿਸਾਨ ਭਰਾ ਰੌਲਾ ਨਹੀਂ ਪਾ ਰਹੇ, ਸਗੋਂ ਕੁਝ ਥਾਵਾਂ ‘ਤੇ ਇਸ ਮੁੱਦੇ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਇਸ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਪਿਛਲੀ ਕੈਬਨਿਟ ਮੀਟਿੰਗ ਵਿੱਚ ਵੀ ਇਸ ‘ਤੇ ਗੰਭੀਰ ਚਰਚਾ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਇਸ ਲਈ ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦੋ-ਚਾਰ ਦਿਨਾਂ ਵਿੱਚ ਮਾਨਸੂਨ ਦੇ ਆਉਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

LEAVE A REPLY

Please enter your comment!
Please enter your name here