ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਪੰਜਾਬੀ ਗਾਇਕਾਂ ਦੇ ਸ਼ੋਅ ਰੱਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਐ, ਜਿਸ ਦੇ ਚਲਦਿਆਂ ਪੰਜਾਬੀ ਭਾਈਚਾਰੇ ਨਾਲ ਜੁੜੇ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਪ੍ਰਸ਼ਾਸਨ ਨੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਵਾਲਾ ਸ਼ੋਅ ਵੀ ਰੱਦ ਕਰ ਦਿੱਤਾ ਐ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸ਼ੋਅ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਇਹ ਪ੍ਰੋਗਰਾਮ ਰੱਦ ਕਰਨਾ ਪਿਆ ਐ। ਉਧਰ ਵਿਦਿਆਰਥੀਆਂ ਵਿਚ ਪ੍ਰਸ਼ਾਸਨ ਦੇ ਫੈਸਲੇ ਖਿਲਾਫ ਭਾਰੀ ਰੋਸ ਪੈਦਾ ਹੋ ਗਿਆ ਐ। ਗੁਰਦਾਸ ਮਾਨ ਦਾ ਸ਼ੋਅ ਰੱਦ ਹੋਣ ਤੋਂ ਨਾਰਾਜ਼ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸ਼ੋਅ ਉਹਨਾਂ ਦੇ ਸੱਭਿਆਚਾਰਕ ਪ੍ਰੋਗਰਾਮ ਦਾ ਹਿੱਸਾ ਸੀ ਅਤੇ ਪ੍ਰਸ਼ਾਸਨ ਦਾ ਇਹ ਫੈਸਲਾ ਗੈਰ-ਵਾਜਬ ਹੈ। ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਦੱਸਣਯੋਗ ਐ ਕਿ ਯੂਨੀਵਰਸਿਟੀ ਦੇ ਆਰਟਸ ਬਲਾਕ ਵਿੱਚ ਪ੍ਰੋਗਰਾਮ ਵਾਸਤੇ ਵੱਡੀ ਸਟੇਜ ਲਗਾਈ ਗਈ ਸੀ ਅਤੇ ਪ੍ਰੋਗਰਾਮ ਰੱਦ ਹੋਣ ਦੇ ਚਲਦਿਆਂ ਵੱਡੀ ਸਟੇਜ ਅਤੇ ਕੁਰਸੀਆਂ ਸਜੀਆਂ-ਸਜਾਈਆਂ ਰਹਿ ਗਈਆਂ ਨੇ। ਉਧਰ ਵਿਦਿਆਰਥੀਆਂ ਦੇ ਰੋਸ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਵੀ ਚੁਕੰਨਾ ਹੋ ਗਿਆ ਐ ਅਤੇ ਸਟੇਜ ਵਾਲੀ ਥਾਂ ਨੇੜੇ ਭਾਰੀ ਗਿਣਤੀ ਚ ਪੁਲਿਸ ਮੁਲਾਜਮ ਤੈਨਾਤ ਕਰ ਦਿੱਤੇ ਗਏ ਨੇ। ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲਾਂ 21 ਮਾਰਚ ਨੂੰ ਪੀ.ਯੂ. ਦੇ ਲਾਅ ਆਡੀਟੋਰੀਅਮ ਸਾਹਮਣੇ ਵਾਲ਼ੇ ਗਰਾਉਂਡ ਵਿੱਚ ਹੋਣ ਵਾਲਾ ਪੰਜਾਬੀ ਗਾਇਕ ‘ਅਰਜਨ ਢਿੱਲੋਂ ਨਾਈਟ ਸ਼ੋਅ’ ਵੀ ਇਸੇ ਤਰਜ ਤੇ ਮੌਕੇ ਤੇ ਰੱਦ ਕਰ ਦਿੱਤਾ ਗਿਆ ਸੀ।