ਅੰਮ੍ਰਿਤਸਰ ‘ਚ ਕਾਂਗਰਸ ਨੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ/ ਬੱਚਿਆਂ ਨਾਲ ਕੇਕ ਕੱਟ ਕੇ ਦਿੱਤਾ ਸਮਾਜਿਕ ਏਕਤਾ ਦਾ ਸੰਦੇਸ਼/ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੀਤੀ ਅਰਦਾਸ

0
2

ਅੰਮ੍ਰਿਤਸਰ ਦੇ ਕਾਂਗਰਸੀ ਆਗੂਆਂ ਵੱਲੋਂ ਸੀਨੀਅਰ ਆਗੂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਸੌਰਭ ਮਦਾਨ ਉਰਫ਼ ਮਿੱਠੂ ਮਦਾਨ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆਂ ਨੇ ਬੱਚਿਆਂ ਨਾਲ ਕੇਕ ਕੱਟਿਆ ਅਤੇ ਉਨ੍ਹਾਂ ਨੂੰ ਮਿਠਾਈਆਂ ਤੇ ਖਾਣ-ਪੀਣ ਦਾ ਸਮਾਨ ਵੰਡਿਆ। ਮਿੱਠੂ ਮਦਾਨ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਆਮ ਅਤੇ ਗਰੀਬ ਵਰਗ ਦੇ ਲੋਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬੱਚਿਆਂ ਵਿਚਕਾਰ ਰਹਿਣਾ ਪਸੰਦ ਹੈ। ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਅੱਜ ਜਨਮਦਿਨ ਦਾ ਸਮਾਗਮ ਗਰੀਬ ਅਤੇ ਲੋੜਵੰਦ ਬੱਚਿਆਂ ਦੇ ਵਿਚਕਾਰ ਮਨਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਰਾਹੁਲ ਗਾਂਧੀ ਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਹੋਰ ਵੱਧ ਤਾਕਤ ਬਖ਼ਸ਼ੀ ਜਾਵੇ ਤਾਂ ਜੋ ਉਹ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ। ਮਿੱਠੂ ਮਦਾਨ ਨੇ ਕਿਹਾ ਕਿ ਦੇਸ਼ ਦਾ ਮਾਹੌਲ ਬਦਲ ਰਿਹਾ ਹੈ ਅਤੇ ਨੌਜਵਾਨਾਂ ਸਮੇਤ ਹਰ ਵਰਗ ਵਿੱਚ ਰਾਹੁਲ ਗਾਂਧੀ ਪ੍ਰਤੀ ਸਮਰਥਨ ਵੱਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰਸੋਈ ਗੈਸ, ਜੀਐਸਟੀ ਅਤੇ ਹੋਰ ਆਰਥਿਕ ਮੁੱਦਿਆਂ ਤੋਂ ਪਰੇਸ਼ਾਨ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਡਿਸਟ੍ਰਿਕਟ ਕਾਂਗਰਸ ਕਮੇਟੀ ਚਾਹੁੰਦੀ ਤਾਂ ਕੋਈ ਵੱਡਾ ਰਾਜਨੀਤਿਕ ਸਮਾਗਮ ਕਰ ਸਕਦੀ ਸੀ, ਪਰ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਆਮ ਲੋਕਾਂ ਅਤੇ ਬੱਚਿਆਂ ਵਿਚਕਾਰ ਰਹਿ ਕੇ ਇਹ ਦਿਨ ਮਨਾਉਣਾ ਵਧੇਰੇ ਅਹਿਮ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਹੀ ਅਸਲ ਖੁਸ਼ੀ ਹੈ। ਸਮਾਗਮ ਦੌਰਾਨ ਬੱਚਿਆਂ ਨੇ ਵੀ ਰਾਹੁਲ ਗਾਂਧੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਕੇਕ ਕੱਟਣ ਦੇ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here