ਜਲੰਧਰ ਦੇ ਪਿੰਡ ਸਗਵਾਲ ਦੇ ਗੁਰਦੁਆਰਾ ਸਾਹਿਬ ਅੰਦਰ ਬੇਅਦਬੀ/ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਘਟਨਾ/ ਔਰਤ ਪਾੜੇ ਗੁਟਕਾ ਸਾਹਿਬ ਦੇ ਕੁਝ ਹਿੱਸੇ

0
2

ਜਲੰਧਰ ਦੇ ਪਿੰਡ ਸਗਵਾਲ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਵਿਖੇ ਇੱਕ ਔਰਤ ਵੱਲੋਂ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਇੱਥੇ ਆਈ ਰਾਧਿਕਾ ਨਾਮ ਦੀ  ਔਰਤ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਦਿੱਤੇ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਕਿਸ਼ਨਗੜ੍ਹ ਪੁਲਿਸ ਸਟੇਸ਼ਨ ਨੇ ਮਹਿਲਾ ਵਿਰੁੱਧ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਔਰਤ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਅਤੇ ਅੰਦਰ ਜਾਂਦਿਆਂ ਹੀ ਤਾੜੀਆਂ ਵਜਾਉਣ ਲੱਗ ਪਈ। ਇਸ ਤੋਂ ਬਾਅਦ ਅੰਦਰ ਬੱਚੇ ਡਰ ਗਏ। ਔਰਤ ਨੇ ਫਿਰ ਗੁਟਕਾ ਸਾਹਿਬ ਫੜ ਲਿਆ ਅਤੇ ਉਸ ਦੇ ਅੰਗ ਫਾੜ ਦਿੱਤੇ। ਬੱਚੇ ਬਾਹਰ ਆਏ ਅਤੇ ਪਿੰਡ ਵਾਸੀਆਂ ਨੂੰ ਬੇਅਦਬੀ ਬਾਰੇ ਦੱਸਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਲਿਆ। ਸਰਪੰਚ ਨੇ ਇਹ ਵੀ ਦੱਸਿਆ ਕਿ ਔਰਤ ਨੂੰ ਪਹਿਲੀ ਵਾਰ ਪਿੰਡ ਵਿੱਚ ਦੇਖਿਆ ਗਿਆ ਸੀ। ਪੁੱਛਗਿੱਛ ਕਰਨ ‘ਤੇ ਉਹ ਕਿਸੇ ਹੋਰ ਭਾਸ਼ਾ ਵਿੱਚ ਬੋਲਣ ਲੱਗ ਪਈ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜੋ ਫਿਰ ਦੋਸ਼ੀ ਔਰਤ ਨੂੰ ਪੁਲਿਸ ਸਟੇਸ਼ਨ ਲੈ ਗਏ।
ਕਿਸ਼ਨਗੜ੍ਹ ਚੌਕੀ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਇੱਕ ਔਰਤ ਨੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਅਤੇ ਇਸਦਾ ਨਿਰਾਦਰ ਕੀਤਾ ਹੈ। ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ। ਹੈੱਡ ਗ੍ਰੰਥੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੁਖ ਆਸਣ ਤੋਂ ਬਾਅਦ ਬਾਥਰੂਮ ਗਏ ਸੀ। ਉਸ ਸਮੇਂ ਬੱਚੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ। ਇਸ ਦੌਰਾਨ ਔਰਤ ਨੇ ਅੰਦਰ ਜਾ ਕੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ। ਚੌਕੀ ਇੰਚਾਰਜ ਨੇ ਦੱਸਿਆ ਕਿ ਹੈੱਡ ਗ੍ਰੰਥੀ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here