ਮੋਗਾ ਪੁਲਿਸ ਵੱਲੋਂ ਲੁੱਟ ਦੇ 3 ਦੋਸ਼ੀ ਗ੍ਰਿਫਤਾਰ/ ਤਲਵਾਰ ਦਿਖਾ ਕੇ ਲੁੱਟਿਆ ਸੀ ਮੋਟਰ ਸਾਇਕਲ/ ਲੁੱਟ ਕੀਤਾ ਮੋਟਰ ਸਾਇਕਲ ਤੇ ਤਲਵਾਰ ਬਰਾਮਦ

0
3

ਮੋਗਾ ਪੁਲਿਸ ਨੇ ਤਲਵਾਰ ਦੀ ਨੌਕ ਤੇ ਮੋਟਰ ਸਾਇਕਲ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਖੋਹ ਕੀਤਾ ਮੋਟਰ ਸਾਇਕਲ ਤੇ ਤਲਵਾਰ ਬਰਾਮਦ ਕਰ ਲਈ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਤਰਲੋਕ ਸਿੰਘ ਉਰਫ਼ ਬਾਬਾ ਪੁੱਤਰ ਦਰਬਾਰਾ ਸਿੰਘ, ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਲਖਵੀਰ ਸਿੰਘ ਅਤੇ ਜਸਕਰਨ ਸਿੰਘ ਉਰਫ਼ ਗਰੇਵਾਲ ਪੁੱਤਰ ਸੇਵਕ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਤਲਵਾਰ ਦੀ ਨੋਕ ‘ਤੇ ਮੋਟਰਸਾਈਕਲ ਲੁੱਟਣ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲੁੱਟਿਆ ਹੋਇਆ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਕ੍ਰਿਪਾਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੁਮਿਤ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਕੁਰੂਕਸ਼ੇਤਰ, ਹਰਿਆਣਾ ਹਾਲ ਅਬਾਦ ਮੋਗਾ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਮਿਤੀ 27.05.2026 ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਮੋਟਰਸਾਈਕਲ ‘ਤੇ ਘਰ ਵਾਪਸ ਆ ਰਿਹਾ ਸੀ ਤਾਂ ਟੈਕੀ ਵਾਲੀ ਗਲੀ, ਮੋਗਾ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਰੋਕ ਕੇ ਕ੍ਰਿਪਾਨ ਦੀ ਨੋਕ ‘ਤੇ ਉਸਦਾ ਮੋਟਰਸਾਈਕਲ ਖੋਹ ਲਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 126 ਮਿਤੀ 28.05.2026 ਅਧੀਨ ਧਾਰਾ 304 ਬੀ.ਐਨ.ਐਸ. ਥਾਣਾ ਸਿਟੀ-1 ਮੋਗਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਵੱਲੋਂ ਤਕਨੀਕੀ ਅਤੇ ਮਾਨਵੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਤਿੰਨੇ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਲੁੱਟਿਆ ਹੋਇਆ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਕ੍ਰਿਪਾਨ ਬਰਾਮਦ ਕੀਤੀ ਗਈ। ਇਸ ਸਬੰਧੀ ਬਰਾਮਦਗੀ ਨੂੰ ਕਬਜ਼ਾ ਪੁਲਿਸ ਵਿੱਚ ਲੈ ਕੇ ਮੁਕੱਦਮੇ ਵਿੱਚ ਸ਼ਾਮਲ ਤਫ਼ਤੀਸ਼ ਕੀਤੀ ਜਾ ਰਹੀ ਹੈ।ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਉਹ ਪਹਿਲਾਂ ਹੋਰ ਕਿਹੜੀਆਂ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਦੋਸ਼ੀਆਂ ਦੇ ਅਗਲੇ-ਪਿਛਲੇ ਲਿੰਕਾਂ ਬਾਰੇ ਵੀ ਜਾਂਚ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here