ਜਲੰਧਰ ’ਚ ਪੁਲਿਸ ਦੀ ਗੋਲੀ ਨਾਲ ਨੌਜਵਾਨ ਦੀ ਮੌਤ/ ਮਾਮਲੇ ’ਚ ਲੋੜੀਂਦੇ ਨੌਜਵਾਨ ਨੂੰ ਫੜਣ ਗਈ ਸੀ ਪੁਲਿਸ/ ਪਰਿਵਾਰ ਤੇ ਪੁਲਿਸ ਵਿਚਾਲੇ ਝੜਪ ਦੌਰਾਨ ਚੱਲੀ ਗੋਲੀ

0
2

ਜਲੰਧਰ ਦੇ ਥਾਣਾ ਮਹਿਤਪੁਰ ਆਉਂਦੇ ਖੇਤਰ ਦੇ ਬੰਗੀਵਾਲ ਪਿੰਡ ਵਿਖੇ ਪੁਲਿਸ ਦੀ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਕਿਸੇ ਮਾਮਲੇ ਵਿਚ ਲੋੜੀਂਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵੀ ਨੂੰ ਫੜਣ ਲਈ ਗਈ ਸੀ, ਜਿੱਥੇ ਉਸ ਦੀ ਪਰਿਵਾਰ ਨਾਲ ਝੜਪ ਹੋ ਗਈ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਲਵਪ੍ਰੀਤ ਸਿੰਘ ਉਰਫ ਲਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਜਾਣਬੁਝ ਕੇ ਨੇੜੇ ਤੋਂ ਗੋਲੀ ਮਾਰਨ ਦੇ ਇਲਜਾਮ ਲਾਏ ਨੇ ਜਦਕਿ ਪੁਲਿਸ ਸਵੈ-ਰੱਖਿਆ ਚ ਗੋਲੀ ਚਲਾਉਣ ਦੀ ਗੱਲ ਕਹੀ ਹੈ।  ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਘਟਨਾ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਪੁਲਿਸ ਅਤੇ ਪਰਿਵਾਰ ਇੱਕ ਦੂਜੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਕਿ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦਾ ਲਵਪ੍ਰੀਤ ਉਰਫ਼ ਲਵੀ ਘਰ ਵਾਪਸ ਆ ਗਿਆ ਹੈ। ਸੂਚਨਾ ‘ਤੇ ਕਾਰਵਾਈ ਕਰਦਿਆਂ, ਮਹਿਤਪੁਰ ਥਾਣੇ ਦੇ ਐਸਐਚਓ ਅਮਨ ਸੈਣੀ ਇੱਕ ਪੁਲਿਸ ਟੀਮ ਨਾਲ ਬੰਗੀਵਾਲ ਪਿੰਡ ਪਹੁੰਚੇ। ਝਗੜੇ ਦੌਰਾਨ, ਦੋਸ਼ੀ, ਉਸਦਾ ਪਰਿਵਾਰ ਅਤੇ ਨੇੜਲੇ ਨਿਵਾਸੀਆਂ ਦੀ ਪੁਲਿਸ ਨਾਲ ਝੜਪ ਹੋ ਗਈ।
ਪੁਲਿਸ ਅਨੁਸਾਰ, ਭੀੜ ਵਿਚਕਾਰ ਝੜਪ ਹੋਈ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸਵੈ-ਰੱਖਿਆ ਵਿੱਚ ਦੋ ਗੋਲੀਆਂ ਚਲਾਈਆਂ। ਇਸ ਦੌਰਾਨ ਲਵਪ੍ਰੀਤ ਦੀ ਲੱਤ ਵਿੱਚ ਇੱਕ ਗੋਲੀ ਲੱਗੀ। ਉਸਨੂੰ ਤੁਰੰਤ ਨਕੋਦਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲਿਸ ਇੱਕ ਮਾਮਲੇ ਦੇ ਸਬੰਧ ਵਿੱਚ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਨੌਜਵਾਨ ਉਸ ਸਮੇਂ ਬਾਥਰੂਮ ਵਿੱਚ ਸੀ ਅਤੇ ਜਦੋਂ ਉਹ ਬਾਹਰ ਆਇਆ ਤਾਂ ਸਿਵਲ ਕੱਪੜਿਆਂ ਵਿੱਚ ਸਜੇ ਐਸਐਚਓ ਦੇ ਗੰਨਮੈਨ ਨੇ ਉਸਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ।  ਪਰਿਵਾਰ ਨੇ ਦੋਸ਼ੀ ਪੁਲਿਸ ਮੁਲਜਮਾਂ ਕੇ ਸਖਤ ਕਾਰਵਾਈ ਮੰਗੀ ਹੈ। ਦੂਜੇ ਪਾਸੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here