ਸੰਗਰੂਰ ਦੇ ਬਨਾਸਰ ਬਾਗ ਅੰਦਰ ਲੱਗੀ ਅੱਗ/ ਸ਼ਰਾਰਤੀਆਂ ਵੱਲੋਂ ਅੱਗ ਲਾਉਣ ਦਾ ਸ਼ੱਕ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
2

ਸੰਗਰੂਰ ਦੇ ਬਨਾਸਰ ਬਾਗ ਵਿਖੇ ਭੇਦਭਰੀ ਹਾਲਤ ਵਿਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਅੱਗ ਅੱਗ ਨਾਲ ਸਫ਼ਾਈ ਮੁਹਿੰਮ ਨਾਲ ਜੁੜੇ ਸੋਸ਼ਲ ਵਰਕਰਾਂ ਦੇ ਅਲੱਗ ਅਲੱਗ ਜਗ੍ਹਾ ਪਏ ਟਰੈਕਟਰ ਤੇ ਹੋਰ ਸਮਾਨ ਅੱਗ ਦੀ ਭੇਂਟ ਚੜ ਗਿਆ ਹੈ। ਅੱਗ ਲੱਗਣ ਦੀ ਘਟਨਾ ਪਿੱਛੇ ਸ਼ਰਾਰਤੀਆਂ ਦਾ ਹੱਥ ਹੋਣ ਦੀ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਬਾਗ 4 ਤੋਂ 5 ਥਾਵਾਂ ਤੇ ਅੱਗ ਲਗਾਈ ਗਈ ਹੈ, ਜਿਸ ਨਾਲ ਸਮਾਨ ਤੋਂ ਇਲਾਵਾ ਵੱਡੀ ਗਿਣਤੀ ਚ ਫਲਦਾਰ ਦਰੱਖਤ ਵੀ ਝੁਲਸ ਗਏ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਮਾਜ ਸੇਵੀਆਂ ਵੱਲੋਂ ਬਨਾਸਰ ਬਾਗ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ। ਸੋਸ਼ਲ ਵਰਕਰਾਂ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਬਾਗ ਵਿੱਚੋਂ ਕਰੀਬ 20 ਟਰਾਲੀਆਂ ਕੂੜਾ ਬਾਹਰ ਕੱਢ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲਗਾਉਣ ਵਾਲਿਆਂ ਦਾ ਮਕਸਦ ਚੋਰੀ ਕਰਨਾ ਨਹੀਂ ਸੀ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸਮਾਨ ਗਾਇਬ ਨਹੀਂ ਹੋਇਆ। ਉਨ੍ਹਾਂ ਨੇ ਸਿਰਫ਼ ਉਹ ਥਾਵਾਂ ਨਿਸ਼ਾਨਾ ਬਣਾਈਆਂ ਜਿੱਥੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ, ਜਿਸ ਵਿੱਚ ਟਰੈਕਟਰ, ਮਾਲੀ ਦੇ ਟੈਂਟ ਵਿੱਚ ਪਿਆ ਸਮਾਨ ਅਤੇ ਇਕੱਠਾ ਕੀਤਾ ਗਿਆ ਕੂੜਾ ਸ਼ਾਮਲ ਹੈ।
ਖਾਸ ਗੱਲ ਇਹ ਹੈ ਕਿ ਬਨਾਸਰ ਬਾਗ ਦੇ ਅੰਦਰ ਪੁਰਾਤਤਵ ਵਿਭਾਗ ਦੀਆਂ ਦੋ ਇਤਿਹਾਸਕ ਇਮਾਰਤਾਂ, ਬਾਰਾਂਦਰੀ ਅਤੇ ਅਜਾਇਬ ਘਰ ਵੀ ਸਥਿਤ ਹਨ। ਅਜਾਇਬ ਘਰ ਦੀ ਹਾਲ ਹੀ ਵਿੱਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਈ ਗਈ ਸੀ ਅਤੇ ਉਸ ਦਾ ਉਦਘਾਟਨ ਵੀ ਕੀਤਾ ਗਿਆ ਸੀ। ਅਜਿਹੇ ਮਹੱਤਵਪੂਰਨ ਸਥਾਨ ਦੇ ਨੇੜੇ ਅੱਗਜ਼ਨੀ ਦੀ ਇਹ ਘਟਨਾ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਨਾਸਰ ਬਾਗ ਸੰਗਰੂਰ ਦੇ ਮੁੱਖ ਥਾਣੇ ਤੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਸ਼ਹਿਰ ਦੇ “ਫੇਫੜੇ” ਕਹੇ ਜਾਣ ਵਾਲੇ ਇਸ ਬਾਗ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਲੱਗੇ ਹੋਏ ਹਨ। ਅਜਿਹੇ ਵਿੱਚ ਅੱਗ ਲਗਾ ਕੇ ਦਰੱਖਤਾਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਚਿੰਤਾ ਦਾ ਵਿਸ਼ਾ ਹੈ। ਨਾਲ ਹੀ ਇਹ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਕੁਝ ਲੋਕ ਸਫ਼ਾਈ ਮੁਹਿੰਮ ਨੂੰ ਰੋਕਣ ਜਾਂ ਉਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਧਰ ਡੀਐਸਪੀ ਸੰਗਰੂਰ ਦਲਵੀਰ ਸਿੰਘ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅੱਗਜ਼ਨੀ ਕਰਨ ਵਾਲੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here