ਮਜੀਠਾ ਥਾਣਾ ਮਾਮਲੇ ਨੂੰ ਲੈ ਕੇ ਤਲਬੀਰ ਗਿੱਲ ਦਾ ਬਿਆਨ/ ਮਜੀਠੀਆ ’ਤੇ ਲਾਏ ਜਾਣਬੁਝ ਕੇ ਮਾਹੌਲ ਵਿਗਾੜਣ ਦੇ ਇਲਜ਼ਾਮ/ ਆਪ ਨੂੰ ਬਹੁਮਤ ਦਾ ਦਾਅਵਾ, ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ

0
2

ਮਜੀਠਾ ਤੋਂ ਆਮ ਆਦਮੀ ਦੇ ਹਲਕਾ ਇੰਚਰਾਜ ਤਲਬੀਰ ਸਿੰਘ ਗਿੱਲ ਨੇ ਅਕਾਲੀ ਆਗੂ ਬਿਕਰਮ ਮਜੀਠੀਆਂ ਉਤੇ ਜਾਣਬੁਝ ਕੇ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਾਏ ਹਨ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਨਫਰੰਸ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠਾ ਥਾਣੇ ਵਿੱਚ ਵਾਪਰੀ ਘਟਨਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ ਅਤੇ ਇਸ ਦਾ ਮਕਸਦ ਮਾਹੌਲ ਖਰਾਬ ਕਰ ਕੇ ਸਿਆਸੀ ਲਾਭ ਲੈਣਾ ਸੀ। ਤਲਬੀਰ ਗਿੱਲ ਨੇ ਦਾਅਵਾ ਕੀਤਾ ਕਿ ਚੋਣਾਂ ਦੌਰਾਨ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਸੀ ਪਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਵੇਖ ਕੇ ਅਕਾਲੀ ਆਗੂ ਬੁਖਲਾ ਗਏ ਅਤੇ ਉਨ੍ਹਾਂ ਨੇ ਜਾਣਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਹਾਈਕੋਰਟ ਦੇ ਅਬਜ਼ਰਵਰ ਅਤੇ ਸੀਸੀਟੀਵੀ ਨਿਗਰਾਨੀ ਹੇਠ ਗਿਣਤੀ ਹੋਈ ਅਤੇ ਵਾਰ-ਵਾਰ ਰੀਕਾਊਂਟਿੰਗ ਦੀ ਮੰਗ ਕਰਕੇ ਸਮਾਂ ਖਰਾਬ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 7 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਅਤੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਗੜਬੜ ਦੇ ਦੋਸ਼ ਬੇਬੁਨਿਆਦ ਹਨ। ਗਿੱਲ ਨੇ ਕਿਹਾ ਕਿ ਮਜੀਠਾ ਥਾਣੇ ਵਿੱਚ ਇੱਕ ਮੁਲਜ਼ਮ ਨੂੰ ਛੁਡਾਉਣ ਲਈ ਸਮਰਥਕਾਂ ਵੱਲੋਂ ਹੰਗਾਮਾ ਕੀਤਾ ਗਿਆ, ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਅਧਿਕਾਰੀ ਸਮੇਂ ਸਿਰ ਦਖਲ ਨਾ ਦਿੰਦੇ ਤਾਂ ਮੁਲਜ਼ਮ ਨੂੰ ਥਾਣੇ ਤੋਂ ਬਾਹਰ ਲਿਜਾਇਆ ਜਾ ਸਕਦਾ ਸੀ।
ਆਪ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਵੀਡੀਓ ਸਬੂਤਾਂ ਦੇ ਆਧਾਰ ‘ਤੇ ਸਾਰੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇਸ ਸਬੰਧੀ ਗੱਲਬਾਤ ਹੋਈ ਹੈ ਅਤੇ ਕਾਨੂੰਨ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਤਲਬੀਰ ਗਿੱਲ ਨੇ ਮਜੀਠਾ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਆਗੂ ਦੇ ਭੜਕਾਊ ਬਿਆਨਾਂ ਜਾਂ ਨਿੱਜੀ ਸਿਆਸੀ ਲਾਭ ਲਈ ਹੋਣ ਵਾਲੀਆਂ ਝੜਪਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਸਮੇਂ ਦੀ ਲੋੜ ਹੈ ਅਤੇ ਲੋਕਾਂ ਨੂੰ ਆਪਸੀ ਟਕਰਾਅ ਦੀ ਬਜਾਏ ਵਿਕਾਸ ਦੇ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here