ਹਰਜੋਤ ਬੈਂਸ ਦਾ ਵਿਦਿਆਰਥਣ ਖੁਦਕੁਸ਼ੀ ਮਾਮਲੇ ’ਚ ਐਕਸ਼ਨ/ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਰਾਵਾਂ ਤਹਿਤ ਕੇਸ ਦਰਜ/ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੇ ਹੁਕਮ

0
2

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ  17 ਸਾਲਾ ਵਿਦਿਆਰਥਣ ਦੇ ਖੁਦਕੁਸ਼ੀ ਮਾਮਲੇ ਵਿਚ ਸਕੂਲ ਪ੍ਰਸ਼ਾਸਨ ਖਿਲਾਫ ਸਖਤ ਐਕਸ਼ਨ ਲਿਆ ਹੈ। ਪੁਲਿਸ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਦੇ ਹੁਕਮਾਂ ਉਤੇ ਸਕੂਲ ਪ੍ਰਸ਼ਾਸਨ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਅਤੀ ਮੰਦਭਾਗੀ ਘਟਨਾ ਹੈ ਅਤੇ ਘਿਨੌਣੇ ਕਾਂਡ ਵਿਚ ਸ਼ਾਮਲ ਸਕੂਲ ਪ੍ਰਸ਼ਾਸਨ ਅਤੇ ਇਸ ਨਾਲ ਜੁੜੇ ਬਾਕੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ 17 ਸਾਲਾ ਵਿਦਿਆਰਥਣ ਅਮਜੋਤ ਕੌਰ ਜੋ ਕਿ 12ਵੀਂ ਜਮਾਤ ਵਿੱਚ ਪੜ੍ਹਦੀ ਸੀ, ਨੇ 22 ਮਈ ਨੂੰ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਦੇ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਗਏ, ਜਿੱਥੇ ਉਸਦਾ ਕਈ ਦਿਨਾਂ ਤੱਕ ਇਲਾਜ ਚੱਲਿਆ। ਇਲਾਜ ਦੌਰਾਨ, ਉਸਨੇ ਇੱਕ ਵੀਡੀਓ ਰਿਕਾਰਡ ਕੀਤੀ ਜਿਸ ਵਿੱਚ ਉਸਨੇ ਸਕੂਲ ਪ੍ਰਬੰਧਨ ‘ਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ। ਉਸਦੀ 30 ਮਈ ਨੂੰ ਮੌਤ ਹੋ ਗਈ।
ਮ੍ਰਿਤਕਾ ਅਮਜੋਤ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਸੀ ਅਤੇ ਆਪਣੀ ਮਾਸੀ ਸਰਬਜੀਤ ਕੌਰ ਨਾਲ ਰਹਿ ਰਹੀ ਸੀ। ਉਸਦੇ ਪਰਿਵਾਰ ਦੇ ਅਨੁਸਾਰ ਉਸ ‘ਤੇ ਸਕੂਲ ਫੀਸ ਦੇ ਲਗਭਗ 20,000 ਰੁਪਏ ਬਕਾਇਆ ਸਨ ਤੇ ਸਕੂਲ ਪ੍ਰਬੰਧਨ ਇਸ ਫੀਸ ਨੂੰ ਲੈ ਕੇ ਉਸ ‘ਤੇ ਲਗਾਤਾਰ ਦਬਾਅ ਪਾ ਰਿਹਾ ਸੀ। ਆਪਣੀ ਮੌਤ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇੱਕ ਵੀਡੀਓ ਵਿੱਚ ਅਮਜੋਤ ਨੇ ਦੱਸਿਆ ਕਿ ਉਸਨੂੰ 11 ਮਈ ਨੂੰ ਸਕੂਲ ਬੁਲਾਇਆ ਗਿਆ ਸੀ, ਜਿੱਥੇ ਉਸਨੂੰ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਸਨੇ ਦੋਸ਼ ਲਗਾਇਆ ਕਿ ਉਸਨੂੰ ਉਸਦੇ ਕਲਾਸ ਗਰੁੱਪ ਤੋਂ ਕੱਢ ਦਿੱਤਾ ਗਿਆ ਅਤੇ ਗੱਲਬਾਤ ਲਈ ਇੱਕ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ। ਵੀਡੀਓ ਵਿੱਚ ਉਸਨੇ ਆਪਣੀ ਹਾਲਤ ਲਈ ਸਕੂਲ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਨਸਾਫ਼ ਦੀ ਮੰਗ ਕੀਤੀ। ਇਸੇ ਤਰ੍ਹਾਂ ਵਿਦਿਆਰਥਣ ਮਾਂ ਨੇ ਵੀ ਸਕੂਲ ਪ੍ਰਬੰਧਨ ਤੇ ਗੰਭੀਰ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਸੀ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here