ਫਰੀਦਕੋਟ ਪਹੁੰਚੇ ਕਿਸਾਨ ਆਗੂ ਡੱਲੇਵਾਲ ਦਾ ਵੱਡਾ ਬਿਆਨ/ ਮੋਹਾਲੀ ਦੇ ਰਜਿਸਟਰਾਰ ਦਫਤਰ ਘੇਰ ਦਾ ਐਲਾਨ/ ਕਿਸਾਨਾਂ ਨਾਲ ਹੁੰਦੇ ਧੱਕੇ ਬੰਦ ਕਰਨ ਦੀ ਮੰਗ

0
2

 

ਫਰੀਦਕੋਟ ਵਿਖੇ ਬੀਕੇਯੂ ਸਿੱਧੂਪੁਰ ਜਥੇਬੰਦੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਬੈਂਕਾਂ ਖਿਲਾਫ ਕਿਸਾਨੀ ਸੰਘਰਸ਼ ਨੂੰ ਹੋਰ ਦਿੱਖਾ ਕਰਨ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਹੋਇਆਂ 1 ਜੂਨ ਨੂੰ ਮੁਹਾਲੀ ਵਿਖੇ ਰਜਿਸਟਰਾਰ ਦੇ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 29 ਤਰੀਕ ਨੂੰ ਸਾਰੇ ਜਿਲਿਆਂ ਦੇ ਆਗੂ ਆਪਣੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਇਸ ਪ੍ਰੋਟੈਸਟਰ ਦੀ ਰੂਪ ਰੇਖਾ ਤਿਆਰ ਕਰਨਗੇ ਅਤੇ 1 ਜੂਨ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਮੋਹਾਲੀ ਵਿਖੇ ਪੀਏਡੀਬੀ ਬੈਂਕ ਦੇ ਰਜਿਸਟਰਾਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਕਰਪਸ਼ਨ ਰਹਿਤ ਸਰਕਾਰ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਅਜਿਹੇ ਬੈਂਕ ਜਿਹੜੇ ਕਿ ਕਿਸਾਨਾਂ ਦੇ ਹਿੱਤਾਂ ਲਈ ਬਣੇ ਸਨ ਪਰ ਅੱਜ ਉਹੀ ਕਿਸਾਨਾਂ ਦੀ ਲੁੱਟ ਦਾ ਕੇਂਦਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ  ਸਿਰਫ ਪੀਏਡੀਬੀ  ਬੈਂਕ ਦੇ ਹੀ ਕਈ ਘਪਲੇ ਸਾਹਮਣੇ ਆਏ ਹਨ ਜਿੱਥੇ ਕਿਸਾਨਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਕਿਸਾਨਾਂ ਵੱਲੋਂ ਕਰਜ਼ਾ ਲੈਣ ਸਮੇਂ ਬੈਂਕ ਨੂੰ ਜੋ ਚੈੱਕ ਦਿੱਤੇ ਜਾਂਦੇ ਹਨ ਉਹਨਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਇਸ ਦੀਆਂ ਕਈ ਮਿਸਾਲਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਦੂਜੇ ਪਾਸੇ ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੇ ਕਰਜ ਖਤਮ ਹੋ ਗਏ ਹਨ ਉਹਨਾਂ ਨੂੰ ਕਲੀਅਰੈਂਸ ਲੈਟਰ ਦੇਣ ਸਮੇਂ ਕਈ ਤਰ੍ਹਾਂ ਦੇ ਘਪਲੇ ਕੀਤੇ ਜਾਂਦੇ ਹਨ ਕਈ ਜਗ੍ਹਾ ਤਾਂ ਕਲੀਅਰੈਂਸ ਲੈਟਰ ਹੀ ਜਾਅਲੀ ਦਿੱਤੇ ਗਏ ਜਿਸ ਦੇ ਚਲਦੇ ਕਿਸਾਨਾਂ ਨੂੰ ਕਾਨੂੰਨੀ ਪ੍ਰਕਿਰਿਆ ਚੋ ਲੰਘਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਬੈਂਕਾਂ ਦੇ ਮੈਨੇਜਰਾਂ ਵੱਲੋਂ ਆਪਸ ਵਿੱਚ ਮਿਲੀ ਭੁਗਤ ਕਰ ਕਿਸਾਨਾਂ ਦੇ ਚੈੱਕਾਂ ਦਾ ਦੁਰਵਰਤੋਂ ਕਰ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾਏ ਜਾ ਰਹੇ ਹਨ ਅਤੇ ਕਈ ਭੋਲੇ ਕਿਸਾਨ ਤਾਂ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕਦੇ ਜਿਸ ਦੇ ਚਲਦੇ ਉਨਾਂ ਸਿਰ ਕਰਜਾ ਹੋਰ ਵੱਧਦਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੈ ਤਾਂ ਇਨਾ ਬੈਂਕਾਂ ਦੇ ਸਾਰੇ ਅਧਿਕਾਰੀਆਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਜੋ ਇਹਨਾਂ ਵੱਲੋਂ ਘਪਲੇ ਕੀਤੇ ਗਏ ਹਨ, ਉਹਨਾਂ ਨੂੰ ਜਨਤਾ ਸਾਹਮਣੇ ਲਿਆਂਦਾ ਜਾਵੇ । ਉਹਨਾਂ ਸਾਫ ਕੀਤਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਬੈਂਕਾਂ ਦੇ ਬਾਹਰ ਲੱਗੇ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ।
ਦੱਸਣਯੋਗ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਫਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਸਕੇ ਕਿਸਾਨ ਭਰਾਵਾਂ ਵੱਲੋਂ ਕਿਸਾਨੀ ਕਰਜੇ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਦੇ ਸਾਹਮਣੇ ਆ ਕੇ ਜਾਨ ਦੇ ਦਿੱਤੀ ਸੀ। ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਅਤੇ ਬੈਂਕਾਂ ਵੱਲੋਂ ਕੀਤੀ ਜਾ ਰਹੀ ਕਿਸਾਨਾਂ ਨਾਲ ਧੱਕੇਸ਼ਾਹੀ ਦੇ ਖਿਲਾਫ ਰੋਸ ਜਾਹਿਰ ਕੀਤਾ ਜਾ ਰਿਹਾ ਸੀ। ਇਸ ਦੇ ਚਲਦੇ ਹੀ ਕਿਸਾਨ ਜਥੇਬੰਦੀ ਬੀਕੇਯੂ ਸਿੱਧੂਪੁਰ ਵੱਲੋਂ ਪੰਜਾਬ ਭਾਰਤ ਵਿੱਚ ਪੀਏਡੀਬੀ ਬੈਂਕਾਂ ਦੇ ਬਾਹਰ ਧਰਨੇ ਲਗਾਏ ਹੋਏ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਤੋਂ ਕਰਜੇ ਦਿੱਤੇ ਜਾਣ ਸਮੇਂ ਲਏ ਹੋਏ ਚੈੱਕ ਵਾਪਸ ਕੀਤੇ ਜਾਣ, ਕਿਸਾਨਾਂ ਦੀ ਵਨ ਟਾਈਮ ਸੈਟਲਮੈਂਟ ਕਰ ਉਹਨਾਂ ਨੂੰ ਕਰਜ਼ੇ ਤੋਂ ਨਿਜਾਤ ਦਵਾਈ ਜਾਵੇ ਅਤੇ ਜਿੰਨਾ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਨੂੰ ਵਾਪਸ ਲਿਆ ਜਾਵੇ। ਇਸ ਨੂੰ ਲੈ ਕੇ ਕਰੀਬ ਢਾਈ ਮਹੀਨੇ ਤੋਂ ਵੀ ਜਿਆਦਾ ਸਮਾਂ ਹੋ ਗਿਆ ਜਦੋਂ ਕਿਸਾਨਾਂ ਵੱਲੋਂ ਬੈਂਕਾਂ ਦੇ ਬਾਹਰ ਧਰਨੇ ਜਾਰੀ ਰੱਖਿਆ ਹੋਇਆ, ਇਸੇ ਤਹਿਤ ਅੱਜ ਫਰੀਦਕੋਟ ਵਿਖੇ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here