ਗੁਰਦਾਸਪੁਰ ’ਚ ਬੇਤਰਤੀਬੇ ਡਵਾਈਡਰ ਕਾਰਨ ਹਾਦਸੇ/ ਪਲਟਿਆ ਤੇਲ ਵਾਲਾ ਟੈਂਕਰ, ਥਾਰ ਵੀ ਹੋਈ ਸ਼ਿਕਾਰ/ ਕਸਬਾ ਪੁਰਾਣਾ ਸ਼ਾਲਾ ਵਿਖੇ ਸਥਿਤ ਹੀ ਇਹ ਡਵਾਈਡਰ

0
1

 

ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਵਿਖੇ ਬੇਤਰਤੀਬੇ ਢੰਗ ਨਾਲ ਬਣਿਆ ਡਵਾਈਡਰ ਰਾਹਗੀਰਾਂ ਲਈ ਜਾਨ ਦਾ ਖੋਅ ਬਣਿਆ ਹੋਇਆ ਹੈ। ਇਸ ਡਵਾਈਡਰ ਨਾਲ ਨਾਲ ਵੱਜ ਕੇ ਜਿੱਥੇ ਤੇਲ ਵਾਲਾ ਟੈਂਕਰ ਹਾਦਸਾ ਗ੍ਰਸਤ ਹੋ ਗਿਆ ਉੱਥੇ ਹੀ ਇੱਕ ਨਵੀਂ ਨਕੋਰ ਥਾਰ ਰੋਕਸ ਕਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਹਾਦਸਾ ਐਨਾ ਭਿਆਨਕ ਸੀ ਕਿ ਡਵਾਈਡਰ ਨਾਲ ਟਕਰਾਉਣ ਨਾਲ ਤੇਲ ਵਾਲੇ ਟੈਂਕਰ ਦੇ ਪਰਖੱਚੇ ਤੱਕ ਉੱਡ ਗਏ ਹਨ ਅਤੇ ਕੈਬਿਨ ਸਮੇਤ ਟੈਂਕਰ ਦਾ ਪੂਰਾ ਖਲਾਰਾ ਪੈ ਗਿਆ ਹੈ। ਗਨੀਮਤ ਇਹ ਰਹੀ ਕਿ ਡਰਾਈਵਰ ਦੇ ਮਾਮੂਲੀ ਸੱਟਾ ਹੀ ਲੱਗੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਡਵਾਈਡਰ ਨੂੰ ਛੇਤੀ ਦਰੁਸਤ ਕਰਨ ਦੀ ਮੰਗ ਕੀਤੀ ਹੈ।
ਹਾਦਸਾਗ੍ਰਸਤ ਹੋਏ ਐਚਪੀ ਆਇਲ ਕੰਪਨੀ ਦੇ ਟੈਂਕਰ ਚਾਲਕ ਨੇ ਦੱਸਿਆ ਕਿ ਉਹ ਜਲੰਧਰ ਡੀਪੂ ਤੋਂ ਤੇਲ ਲਿਆ ਕੇ ਦੀਨ ਨਗਰ ਦੇ ਐਚ ਪੀ ਦੇ ਇੱਕ ਪੈਟਰੋਲ ਪੰਪ ਤੇ ਟੈਂਕਰ ਖਾਲੀ ਕਰਕੇ ਵਾਪਸ ਜਲੰਧਰ ਲਈ ਜਾ ਰਿਹਾ ਸੀ ਪਰ ਜਦੋਂ ਰਾਤ 10 ਵਜੇ ਦੇ ਕਰੀਬ ਉਹ ਪੁਰਾਣਾ ਸ਼ਾਲਾ ਬਾਜ਼ਾਰ ਚੋਂ ਗੁਜ਼ਰਨ ਲੱਗਾ ਤਾਂ ਅੱਗੋਂ ਆ ਰਹੀ ਇੱਕ ਤੇਜ਼ ਰੋਸ਼ਨੀ ਵਾਲੀ ਗੱਡੀ ਦੀਆਂ ਲਾਈਟਾਂ ਪੈਣ ਕਾਰਨ ਉਸ ਨੂੰ ਇਹ ਡਿਵਾਈਡਰ ਨਜ਼ਰ ਨਹੀਂ ਆਇਆ ਤੇ ਅਚਾਨਕ ਉਸ ਦੀ ਗੱਡੀ ਦੀ ਟੱਕਰ ਇਸ ਵੱਡੇ ਡਿਵਾਈਡਰ ਨਾਲ ਹੋ ਗਈ।
ਪੀੜਤ ਚਾਲਕ ਨੇ ਦੱਸਿਆ ਕਿ ਉਸ ਦੀ ਗੱਡੀ ਦਾ ਕਰੀਬ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਹੀ ਇੱਕ ਨਵੀਂ ਨਕੋਰ ਥਾਰ ਰੋਕਸ ਗੱਡੀ ਵੀ ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਆ ਰਹੀ ਸੀ ਜੋ ਕਿ ਡਿਵਾਈਡਰ ਦੇ ਵਿੱਚ ਵੱਜ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਥਾਰ ਕਾਰ ਦੀ ਟੱਕਰ ਇਨੀ ਜ਼ਬਰਦਸਤ ਸੀ ਕਿ ਥਾਰ ਕਾਰ ਦੇ ਏਅਰ ਬੈਗ ਤੱਕ ਖੁੱਲ ਗਏ ਸਨ ਜਿਸ ਕਾਰਨ ਥਾਰ ’ਚ ਸਵਾਰਾਂ ਦਾ ਬਾਲ ਬਾਲ ਬਚਾਅ ਹੋ ਗਿਆ। ਜ਼ਿਕਰ ਯੋਗ ਹੈ ਕਿ ਇਸ ਡਿਵਾਈਡਰ ਚ ਵੱਜ ਕੇ ਪਹਿਲਾਂ ਵੀ ਅਨੇਕਾਂ ਗੱਡੀਆਂ ਨੁਕਸਾਨੀਆਂ ਗਈਆਂ ਹਨ। ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਬਾਵਜੂਦ ਇਸਦੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

LEAVE A REPLY

Please enter your comment!
Please enter your name here