ਪੰਜਾਬ ਮਜੀਠਾ ’ਚ ਮਜੀਠਆ ਤੇ ਤਲਬੀਰ ਗਿੱਲ ਆਹਮੋ-ਸਾਹਮਣੇ/ ਮਜੀਠੀਆ ਨੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ/ ਤਲਬੀਰ ਗਿੱਲ ਬੋਲੇ, ਨਹੀਂ ਚੱਲੇਗੀ ਗੁੰਡਾਗਰਦੀ By admin - May 27, 2026 0 2 Facebook Twitter Pinterest WhatsApp ਮਜੀਠਾ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਉਸ ਵੇਲੇ ਵੱਡਾ ਵਿਵਾਦ ਹੋ ਗਿਆ ਜਦੋਂ ਅਕਾਲੀ ਆਗੂ ਬਿਕਰਮ ਮਜੀਠੀਆ ਤੇ ਆਪ ਆਗੂ ਤਲਬੀਰ ਸਿੰਘ ਗਿੱਲ ਆਹਮੋ ਸਾਹਮਣੇ ਹੋ ਗਏ। ਇਸੇ ਦੌਰਾਨ ਬਿਕਰਮ ਮਜੀਠੀਆ ਨੇ ਪ੍ਰਸ਼ਾਸਨ ਉਤੇ ਸਰਕਾਰ ਦੇ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲਾਏ। ਦੂਜੇ ਪਾਸੇ ਆਪ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਗਿੱਲ ਦਾ ਕਹਿਣਾ ਸੀ ਕਿ ਬਿਕਰਮ ਮਜੀਠੀਆ ਚੋਣਾਂ ਦੌਰਾਨ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਦੋਵੇਂ ਆਗੂਆਂ ਨੇ ਮੀਡੀਆ ਸਾਹਮਣੇ ਆ ਕੇ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਾਏ ਹਨ। ਦੋਵੇਂ ਧਿਰਾਂ ਨੇ ਚੋਣੀ ਮਾਹੌਲ ਖਰਾਬ ਕਰਨ, ਗੁੰਡਾਗਰਦੀ ਕਰਨ ਅਤੇ ਪੁਲਿਸ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੇ ਇਲਜ਼ਾਮ ਲਗਾਏ। ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਦੇ ਫੋਨ ਆਉਣ ਤੋਂ ਬਾਅਦ ਪੁਲਿਸ ਨੇ ਇੱਕ ਦੋਸ਼ੀ ਨੂੰ ਮੌਕੇ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਆਈ ਸੀ ਪਰ ਬਾਅਦ ਵਿੱਚ ਦਬਾਅ ਹੇਠ ਛੱਡ ਦਿੱਤਾ ਗਿਆ। ਮਜੀਠੀਆ ਨੇ ਦੋਸ਼ ਲਗਾਇਆ ਕਿ ਐਸਐਸਪੀ ਤੱਕ ਪੁਲਿਸ ਅਧਿਕਾਰੀਆਂ ’ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਸ਼ਿਕਾਇਤ ਦਰਜ ਕਰਨ ਤੋਂ ਵੀ ਬਚਿਆ ਜਾ ਰਿਹਾ ਸੀ। ਮਜੀਠੀਆ ਨੇ ਕਿਹਾ ਕਿ ਪੂਰੀ ਘਟਨਾ ਦੀ ਵੀਡੀਓ ਮੌਜੂਦ ਹੈ, ਜਿਸ ਵਿੱਚ ਪੁਲਿਸ ਕਥਿਤ ਦੋਸ਼ੀ ਨੂੰ ਫੜ ਕੇ ਬਾਹਰ ਲਿਆਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਪੱਗ ਨੂੰ ਹੱਥ ਲਗਾਉਣਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਹੁਤ ਗੰਭੀਰ ਮਾਮਲਾ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਕਤਰਾਂ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸਿਆਸੀ ਦਬਾਅ ਰਾਹੀਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਨੇ ਅਕਾਲੀ ਦਲ ’ਤੇ ਬਾਹਰੀ ਲੋਕਾਂ ਨੂੰ ਬੁਲਾ ਕੇ ਮਾਹੌਲ ਖਰਾਬ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮਜੀਠਾ ਵਿੱਚ ਭਾਈਚਾਰੇ ਅਤੇ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਇਲਾਕੇ ਦੇ ਲੋਕ ਅਜਿਹੀ “ਗੁੰਡਾਗਰਦੀ” ਬਰਦਾਸ਼ਤ ਨਹੀਂ ਕਰਨਗੇ। ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਮਹਿਲਾਵਾਂ ਅਤੇ ਭੈਣਾਂ ਦਾ ਸਤਿਕਾਰ ਕੀਤਾ ਹੈ ਅਤੇ ਮਜੀਠਾ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੰਮ ਕੀਤਾ ਹੈ। ਤਲਬੀਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਦੇ ਸਮਰਥਕ 20 ਤੋਂ 25 ਗੱਡੀਆਂ ਵਿੱਚ ਭਰ ਕੇ ਆਏ ਅਤੇ ਚੋਣੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੂਰੀ ਘਟਨਾ ਦੀ ਵੀਡੀਓ ਮੌਜੂਦ ਹੈ ਅਤੇ ਉਹ ਸਾਰੇ ਸਬੂਤ ਪੁਲਿਸ ਨੂੰ ਦੇਣਗੇ। ਗਿੱਲ ਨੇ ਕਿਹਾ ਕਿ ਜੇ ਕਿਸੇ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਪ ਆਗੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਐਸਐਸਪੀ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਭਾਲ ਰਹੇ ਸਨ, ਪਰ ਕੁਝ ਲੋਕ ਜਾਣਬੁੱਝ ਕੇ ਤਣਾਅ ਪੈਦਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮਜੀਠਾ ਦੇ ਲੋਕ ਹੁਣ ਬਾਹਰੀ ਲੋਕਾਂ ਦੀ ਦਾਦਾਗਿਰੀ ਕਬੂਲ ਨਹੀਂ ਕਰਨਗੇ ਅਤੇ ਚੋਣਾਂ ਨੂੰ ਲੋਕਤੰਤਰੀ ਢੰਗ ਨਾਲ ਹੀ ਹੋਣ ਦਿੱਤਾ ਜਾਵੇਗਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਪੂਰੇ ਮਾਮਲੇ ’ਤੇ ਨਜ਼ਰ ਬਣਾਈ ਹੋਈ ਹੈ। ਫਿਲਹਾਲ ਪੁਲਿਸ ਦੋਵੇਂ ਧਿਰਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।