ਅੰਮ੍ਰਿਤਸਰ ’ਚ ਅਧੂਰੇ ਪੁਲ ਨੂੰ ਲੈ ਕੇ ਪ੍ਰਦਰਸ਼ਨ/ ਸਾਬਕਾ ਕੌਂਸਲਰ ਤੇ ਪਿੰਡ ਵਾਸੀਆਂ ਨੇ ਦਿੱਤਾ ਧਰਨਾ/ ਕੰਮ ਨਾ ਹੋਣ ’ਤੇ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ

0
2

ਅੰਮ੍ਰਿਤਸਰ ਦੇ ਏਅਰਪੋਰਟ ਰੋਡ ਨਾਲ ਜੁੜੇ ਇਲਾਕੇ ਵਿਚ ਤਿੰਨ ਸਾਲਾਂ ਤੋਂ ਅਧੂਰਾ ਪਿਆ ਪੁਲ ਸਥਾਨਕ ਵਾਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ। ਇਸੇ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਧਰਨਾ ਦੇ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਪਿੰਡ ਦੇ ਲੋਕਾਂ ਅਤੇ ਸਾਬਕਾ ਕੌਂਸਲਰ ਮਲਕੀਤ ਸਿੰਘ ਵੱਲਾ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ  ਸਰਕਾਰ ਤੋਂ ਪੁਲ ਦਾ ਕੰਮ ਜਲਦ ਮੁਕੰਮਲ ਕਰ ਕੇ ਆਵਾਜਾਈ ਲਈ ਖੋਲ੍ਹਣ ਦੀ ਮੰਗ ਕੀਤੀ।
ਸਾਬਕਾ ਕੌਂਸਲਰ ਮਲਕੀਤ ਸਿੰਘ ਵੱਲਾ ਨੇ ਕਿਹਾ ਕਿ ਇਸ ਪੁਲ ਨੂੰ ਚਾਲੂ ਕਰਵਾਉਣ ਲਈ ਉਹ ਪਹਿਲਾਂ ਵੀ ਕਈ ਵਾਰ ਧਰਨੇ ਅਤੇ ਸੰਘਰਸ਼ ਕਰ ਚੁੱਕੇ ਹਨ, ਪਰ ਸਰਕਾਰ ਵੱਲੋਂ ਸਿਰਫ਼ ਭਰੋਸੇ ਹੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਕੰਮ ਚੱਲਦਾ ਹੈ ਅਤੇ ਫਿਰ ਲੇਬਰ ਸਾਈਟ ਛੱਡ ਕੇ ਚਲੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਤੇ ਸੰਬੰਧਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਉਨ੍ਹਾਂ ਦੱਸਿਆ ਕਿ ਇਹ ਰੋਡ ਏਅਰਪੋਰਟ, ਚੰਡੀਗੜ੍ਹ ਰੋਡ ਅਤੇ ਕਈ ਪਿੰਡਾਂ ਨੂੰ ਜੋੜਦਾ ਹੈ। ਇਸ ਤੋਂ ਇਲਾਵਾ ਨੇੜੇ ਸਬਜ਼ੀ ਮੰਡੀ ਹੋਣ ਕਾਰਨ ਹਰ ਵੇਲੇ ਭਾਰੀ ਟਰੈਫਿਕ ਰਹਿੰਦੀ ਹੈ। ਐਂਬੂਲੈਂਸਾਂ ਨੂੰ ਵੀ ਜਾਮ ਕਾਰਨ ਲੰਘਣ ਵਿੱਚ ਮੁਸ਼ਕਿਲ ਆਉਂਦੀ ਹੈ, ਜਿਸ ਨਾਲ ਮਰੀਜ਼ਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਪਿੰਡ ਨੰਬਰਦਾਰ ਸੁਖਰਾਜ ਸਿੰਘ ਬੱਲਾ ਨੇ ਕਿਹਾ ਕਿ ਲੋਕਾਂ ਨੂੰ ਧਰਨਾ ਦੇਣ ਦਾ ਕੋਈ ਸ਼ੌਕ ਨਹੀਂ ਹੁੰਦਾ, ਪਰ ਜਦੋਂ ਸਰਕਾਰ ਲੋਕਾਂ ਦੀ ਸਮੱਸਿਆ ਨਹੀਂ ਸੁਣਦੀ ਤਾਂ ਲੋਕਾਂ ਨੂੰ ਸੜਕਾਂ ’ਤੇ ਉਤਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਪਿਛਲੇ ਤਿੰਨ ਸਾਲਾਂ ਤੋਂ ਅਧੂਰਾ ਪਿਆ ਹੈ ਅਤੇ ਹੁਣ ਇਹ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਹਰ ਵੇਲੇ ਭਾਰੀ ਟਰੈਫਿਕ ਰਹਿੰਦੀ ਹੈ
ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਵੱਡਾ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸ਼ੰਭੂ ਬਾਰਡਰ ਵਾਂਗ ਵੱਡਾ ਸੰਘਰਸ਼ ਵੀ ਕੀਤਾ ਜਾ ਸਕਦਾ ਹੈ। ਲੋਕਾਂ ਨੇ ਸਰਕਾਰ, ਸਥਾਨਕ ਐਮਐਲਏ ਅਤੇ ਐਮਪੀ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਇਸ ਪੁਲ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ।

LEAVE A REPLY

Please enter your comment!
Please enter your name here