ਪੰਜਾਬ ਅੰਦਰ ਅੰਡਰਗਰਾਊਂਡ ਹੋਣਗੀਆਂ ਬਿਜਲੀ ਤਾਰਾਂ/ ਸਤੌਜ ਪਿੰਡ ਤੋਂ ਪ੍ਰੋਜੈਕਟ ਦੀ ਸ਼ੁਰੂਆਤ/ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ

0
3

 

ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਤਾਰਾਂ ਅੰਡਰ ਗਰਾਊਂਡ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਮੁੱਖ ਮੰਤਰੀ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੌਜ ਤੋਂ ਕੀਤੀ ਗਈ। ਇਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ  ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖੰਭਿਆਂ ਕਾਰਨ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਤੋਂ ਛੁਟਕਾਰਾ ਪਾਉਣ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਪੰਜਾਬ ਦੀ ਇਤਿਹਾਸ ਵਿੱਚ “ਸੁਨਹਿਰੀ ਅੱਖਰਾਂ” ਨਾਲ ਲਿਖਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਬਿਜਲੀ ਸਪਲਾਈ ਸੁਧਾਰਨ ਲਈ ਨਹੀਂ, ਸਗੋਂ ਪਿੰਡਾਂ ਦੀ ਸੁਰੱਖਿਆ, ਸੁੰਦਰਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਢਿੱਲੀਆਂ ਤਾਰਾਂ ਕਾਰਨ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਟਰੈਕਟਰ, ਕੰਬਾਈਨ ਅਤੇ ਖੇਤੀਬਾੜੀ ਸਾਜ਼ੋ-ਸਾਮਾਨ ਖੰਭਿਆਂ ਨਾਲ ਟਕਰਾ ਜਾਂਦੇ ਸਨ, ਜਿਸ ਨਾਲ ਨੁਕਸਾਨ ਹੁੰਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਤੌਜ ਵਿੱਚ 41 ਕਿਲੋਮੀਟਰ ਲੰਬੀ ਅੰਡਰਗਰਾਊਂਡ ਤਾਰ ਪਾਈ ਜਾਵੇਗੀ ਅਤੇ ਇਸ ਪ੍ਰੋਜੈਕਟ ਉੱਤੇ ਕਰੀਬ 8 ਕਰੋੜ ਰੁਪਏ ਖਰਚ ਹੋਣਗੇ। ਇਸ ਤਹਿਤ ਪਿੰਡ ਵਿੱਚੋਂ 382 ਤੋਂ ਵੱਧ ਬਿਜਲੀ ਖੰਭੇ ਹਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ “ਸਤੌਜ ਮਾਡਲ” ਭਵਿੱਖ ਵਿੱਚ ਪੰਜਾਬ ਦੇ ਹੋਰ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਨਵੀਂ ਤਕਨੀਕ ਵਾਲੀਆਂ ਫਾਈਬਰ ਤੇ ਡਿਜ਼ੀਟਲ ਤਾਰਾਂ ਵਰਤੀ ਜਾਣਗੀਆਂ, ਜਿਨ੍ਹਾਂ ਉੱਤੇ ਮੀਂਹ, ਗਰਮੀ ਜਾਂ ਹਨੇਰੀ ਦਾ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅੰਡਰਗਰਾਊਂਡ ਤਾਰਾਂ ਨਾਲ ਟਰਾਂਸਮਿਸ਼ਨ ਲਾਸ ਘਟੇਗਾ, ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣਗੀਆਂ ਅਤੇ ਕਰੰਟ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਵੀ ਬਚਾਅ ਹੋਵੇਗਾ। ਉਨ੍ਹਾਂ ਪਿੰਡ ਦੇ ਉਨ੍ਹਾਂ ਨੌਜਵਾਨਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਮੌਤ ਢਿੱਲੀਆਂ ਬਿਜਲੀ ਤਾਰਾਂ ਨਾਲ ਹੋਏ ਹਾਦਸਿਆਂ ਕਾਰਨ ਹੋਈ ਸੀ।
ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਡਿਜ਼ੀਟਲ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਜਿਸਟਰੀਆਂ, ਲਾਇਸੈਂਸ ਅਤੇ ਹੋਰ ਸਰਕਾਰੀ ਸੇਵਾਵਾਂ ਹੁਣ ਆਨਲਾਈਨ ਹੋ ਚੁੱਕੀਆਂ ਹਨ, ਜਿਸ ਨਾਲ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਉਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕੇਂਦਰ ਸਰਕਾਰ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ ਆਪ ਜਾਂਦੇ ਹਨ ਅਤੇ ਆਪਣੇ ਨਾਲ ਆਪਣੇ ਦੋਸਤਾਂ ਨੂੰ ਲੈ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ ਕਰਵਾ ਕੇ ਉਹ ਵਾਪਸ ਆ ਜਾਂਦੇ।
ਉਨ੍ਹਾਂ ਵੱਲੋਂ ਕੋਈ ਇਹ ਹਿਸਾਬ ਨਹੀਂ ਦਿੱਤਾ ਗਿਆ ਕਿ ਬਾਹਰ ਜਾ ਕੇ ਕਿਹੜਾ ਨਿਵੇਸ਼ ਕਰਕੇ ਆਏ ਹਨ ਅਤੇ ਉਸਦਾ ਫਾਇਦਾ ਦੇਸ਼ ਨੂੰ ਕਿੰਨਾ ਹੋਵੇਗਾ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026” ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਕਾਨੂੰਨ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਵਿਰੋਧ ਉਹ ਲੋਕ ਕਰ ਰਹੇ ਹਨ ਜੋ ਪੁਰਾਣੇ ਸਿਸਟਮ ਤੋਂ ਲਾਭ ਲੈਂਦੇ ਰਹੇ ਹਨ। ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਤੌਜ ਪਿੰਡ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਹੈ, ਜਿਸ ਦੇ ਚਲਦਿਆਂ ਉਹ ਪਿੰਡ ਦੀ ਤਰੱਕੀ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ।

LEAVE A REPLY

Please enter your comment!
Please enter your name here