ਅਕਾਲੀ ਆਗੂ ਦਲਜੀਤ ਚੀਮਾ ਨੇ ਨਿਸ਼ਾਨੇ ’ਤੇ ਲਈ ਸਰਕਾਰ/ ਚੋਣਾਂ ਦੌਰਾਨ ਧੱਕੇ ਦੇ ਲਾਏ ਇਲਜ਼ਾਮ/ ਵਿਧਾਇਕਾ ਗਿਨੀਵ ਕੌਰ ਨਾਲ ਪੁਲਿਸ ਵਤੀਰੇ ਦੀ ਨਿੰਦਾ

0
2

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਰੋਪੜ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਨਗਰ ਨਿਗਮ ਚੋਣਾਂ ’ਚ ਧਾਂਦਲੀਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਘੇਰਿਆ ਹੈ। ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰਨ ਤੇ ਸਵਾਲ ਖੜ੍ਹੇ ਕਰਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਵਿਚ ਸਿੱਧੀ ਦਖਲ ਅੰਦਾਜੀ ਕਰ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਦਾ ਰਾਜ ਚੋਣ ਕਮਿਸ਼ਨ ਬਹੁਤ ਕਮਜ਼ੋਰ ਸਾਬਿਤ ਹੋ ਰਿਹਾ ਹੈ। ਕਮਿਸ਼ਨ ਦਾ ਜੋ ਡੰਡਾ ਪ੍ਰਸ਼ਾਸਨ ‘ਤੇ ਹੋਣਾ ਚਾਹੀਦਾ ਸੀ, ਉਹ ਬਿਲਕੁਲ ਗਾਇਬ ਹੈ ਅਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਸਰਕਾਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ, ਜਿਸ ਕਾਰਨ ਨਿਰਪੱਖ ਚੋਣਾਂ ਦੀ ਉਮੀਦ ਖਤਮ ਹੋ ਗਈ ਹੈ।
ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਦੇ ਕਾਨੂੰਨ ਦੀ ਆੜ ‘ਚ ਸੇਵਾਦਾਰਾਂ ਤੇ ਸ਼ਰਧਾਲੂਆਂ ਨੂੰ ਫਸਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਡਾ. ਚੀਮਾ ਨੇ ਸਰਕਾਰ ਦੀ ਨੀਅਤ ‘ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪਹਿਲਾਂ 2018 ਵਿੱਚ ਬਣਿਆ ਸੀ, ਫਿਰ ਵਿਧਾਨ ਸਭਾ ਨੇ ਕਾਂਗਰਸ ਵੇਲੇ ਇਸ ਨੂੰ ਦੁਬਾਰਾ ਪਾਸ ਕੀਤਾ ਅਤੇ ਬਾਅਦ ਵਿੱਚ ਰਾਸ਼ਟਰਪਤੀ ਵੱਲੋਂ ਇਸ ਨੂੰ ਪ੍ਰਵਾਨਗੀ ਮਿਲੀ। ਉਨ੍ਹਾਂ ਸਪੱਸ਼ਟ ਕੀਤਾ, “ਅਸੀਂ ਤਾਂ ਇਸ ਹੱਕ ਵਿੱਚ ਹਾਂ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਭਾਵੇਂ ਫਾਂਸੀ ਦੀ ਸਜ਼ਾ ਲਾਓ, ਅਜਿਹਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਬੇਅਦਬੀ ਕਰਨ ਵਾਲੇ ਦੇ ਹੱਕ ਵਿੱਚ ਕੋਈ ਵੀ ਨਹੀਂ ਖੜ੍ਹਾ।”
ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਕਾਨੂੰਨ ਦੀ ਆੜ ਹੇਠ ਗੁਰੂ ਘਰ ਦੀ ਦਿਨ-ਰਾਤ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ, ਪ੍ਰਚਾਰਕਾਂ, ਕੀਰਤਨੀਆਂ, ਕਥਾਵਾਚਕਾਂ ਜਾਂ ਆਪਣੇ ਘਰਾਂ ਵਿੱਚ ਅਖੰਡ ਪਾਠ ਕਰਵਾਉਣ ਵਾਲੇ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਵਾਲੇ ਸ਼ਰਧਾਲੂਆਂ ਦੇ ਖਿਲਾਫ਼ ਕੋਈ ਅਜਿਹਾ ਕ੍ਰਿਮੀਨਲ ਕਾਨੂੰਨ ਵਰਤਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਰੋਧ ਹੁੰਦਾ ਹੈ ਤਾਂ ਸਰਕਾਰ ਸਿਆਸਤ ਕਰਦਿਆਂ ਕਹਿੰਦੀ ਹੈ ਕਿ ਇਹ ਬੇਅਦਬੀ ਦੇ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਅਸੀਂ ਬੇਅਦਬੀ ਕਾਨੂੰਨ ਦਾ ਨਹੀਂ, ਸਗੋਂ ਇਸ ਦੀ ਆੜ ਵਿੱਚ ਨਿਰਦੋਸ਼ ਸੇਵਾਦਾਰਾਂ ਅਤੇ ਸ਼ਰਧਾਲੂਆਂ ਤੇ ਕਾਰਵਾਈ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਾਂ।
ਡਾ. ਚੀਮਾ ਨੇ ਤੱਥਾਂ ਸਹਿਤ ਦੋਸ਼ ਲਾਉਂਦਿਆਂ ਕਿਹਾ ਕਿ ਉਮੀਦਵਾਰਾਂ ਨੂੰ ਤਿਆਰੀ ਦਾ ਸਮਾਂ ਦਿੱਤੇ ਬਿਨਾਂ ਅਚਾਨਕ ਚੋਣਾਂ ਥੋਪੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਹਨ। ਬਾਬਾ ਬਕਾਲਾ ਵਿੱਚ 13 ਵਿੱਚੋਂ 11, ਬਟਾਲਾ ਵਿੱਚ 14 ਅਤੇ ਰਾਮਾ ਮੰਡੀ ਵਿੱਚ 5 ਅਕਾਲੀ ਉਮੀਦਵਾਰਾਂ ਦੇ ਕਾਗਜ਼ ਨਾਜਾਇਜ਼ ਰੱਦ ਕੀਤੇ ਗਏ। ਮਜੀਠਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਬਿਨਾਂ ਨਤੀਜਾ ਐਲਾਨੇ ਹੀ ‘ਆਪ’ ਆਗੂਆਂ ਦੇ ਲੱਡੂਆਂ ਦੇ ਡੱਬੇ ਅੰਦਰ ਚਲੇ ਗਏ।
ਮਜੀਠਾ ਵਿਖੇ ਵਿਧਾਇਕਾ ਗਨੀਵ ਕੌਰ ਮਜੀਠੀਆ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਡੀ.ਐਸ.ਪੀ. ਵਲੋਂ ਕੀਤੇ ਵਿਵਹਾਰ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਿਧਾਨ ਸਭਾ ਦੀ ਪ੍ਰਿਵਲੇਜ  ਦਾ ਮੁੱਦਾ ਬਣਦਾ ਹੈ। ਸਾਡੇ ਗੁਆਂਢੀ ਸ਼ਹਿਰ ਰਾਹੋਂ (ਰਾਹਾਂ) ਵਿਖੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਬੌਬੀ ਦੇ ਕਾਗਜ਼ਾਂ ‘ਤੇ ਕਾਂਗਰਸ ਪ੍ਰਧਾਨ ਦੇ ਬੇਟੇ ਵਲੋਂ ਲਾਏ ਗਏ ਗਲਤ ਇਤਰਾਜ਼ ਨੂੰ ਰਿਟਰਨਿੰਗ ਅਫ਼ਸਰ ਪਹਿਲਾਂ ਖਾਰਿਜ ਕਰ ਰਿਹਾ ਸੀ, ਪਰ ਕਿਸੇ ਵੱਡੇ ਆਗੂ ਦਾ ਫ਼ੋਨ ਆਉਂਦਿਆਂ ਹੀ ਉਸ ਨੇ ਕੁਰਸੀ ਤੋਂ ਉੱਠ ਕੇ ਬਾਹਰ ਜਾ ਕੇ ਆਰਡਰ ਬਦਲ ਦਿੱਤਾ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ “ਕੱਟੜ ਇਮਾਨਦਾਰੀ” ਦਾ ਭੇਤ ਖੁੱਲ੍ਹ ਚੁੱਕਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਮੰਤਰੀ ਨੂੰ ਸਰਕਾਰੀ ਰਿਹਾਇਸ਼ ਤੋਂ ਈ.ਡੀ. ਗ੍ਰਿਫਤਾਰ ਕਰਕੇ ਲੈ ਗਈ ਹੈ। ਖਰੜ ਵਿਖੇ ਈ.ਡੀ. ਦੀ ਰੇਡ ਦੌਰਾਨ ਛੱਤਾਂ ਤੋਂ ਸੁੱਟੇ ਗਏ ਲੱਖਾਂ ਰੁਪਏ ਦੇ ਨੋਟਾਂ ਦੇ ਬੰਡਲਾਂ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੁੱਖ ਮੰਤਰੀ ਦਫ਼ਤਰ ਦੇ ਤਾਰ ਜੁੜਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਹੁਣ ਪਾਵਰਕੌਮ ਦੇ ਸੀ.ਐਮ.ਡੀ. ਨੂੰ ਵੀ ਈ.ਡੀ. ਵਲੋਂ ਤਲਬ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਈ ਵੱਡੇ ਅਧਿਕਾਰੀ ਅਤੇ ਇੱਕ ਡੀ.ਆਈ.ਜੀ. ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੰਦਰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 7 ਐਮ.ਪੀ. ਪਹਿਲਾਂ ਹੀ ਇਨ੍ਹਾਂ ਨੂੰ ਛੱਡ ਕੇ ਬੀ.ਜੇ.ਪੀ. ‘ਚ ਸ਼ਾਮਿਲ ਹੋ ਚੁੱਕੇ ਹਨ ਅਤੇ ਇਹ ਸਰਕਾਰ ਹੁਣ ਕੁਝ ਹੀ ਦਿਨਾਂ ਦੀ ਮਹਿਮਾਨ ਹੈ, ਜੋ ਚੋਣਾਂ ਤੋਂ ਬਾਅਦ ਕਦੇ ਵੀ ਡਿੱਗ ਸਕਦੀ ਹੈ।

LEAVE A REPLY

Please enter your comment!
Please enter your name here