ਮਾਨਸਾ ’ਚ ਲੋਕਾਂ ਦਾ ਨਸ਼ਿਆਂ ਖਿਲਾਫ ਪ੍ਰਦਰਸ਼ਨ/ ਪੁਲਿਸ ਪ੍ਰਸ਼ਾਸਨ ’ਤੇ ਢਿੱਲੀ ਕਾਰਵਾਈ ਦੇ ਇਲਜ਼ਾਮ/ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

0
2

ਮਾਨਸਾ ਅਧੀਨ ਆਉਂਦੀ ਭੱਠਾ ਬਸਤੀ ਦੇ ਵਾਸੀਆਂ ਨੇ ਸਥਾਨਕ ਪੁਲਿਸ ਉਤੇ ਨਸ਼ਿਆਂ ਖਿਲਾਫ  ਬਣਦੀ ਕਾਰਵਾਈ ਨਾ ਕਰਨ ਦੇ ਇਲਜਾਮ ਲਾਏ ਹਨ। ਸਥਾਨਕ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਵਾਸੀਆਂ ਦੇ ਇਲਜਾਮ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਕਰਦਾ, ਜਿਸ ਕਾਰਨ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕ ਰਹੇ ਹਨ।  ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਇੱਕ ਨੌਜਵਾਨ ਖਿਡਾਰੀ ਦੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਾਰਡ ਵਾਸੀਆਂ ਵੱਲੋਂ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਪਰ ਪੁਲਿਸ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਨਸ਼ਾ ਤਸਕਰਾਂ ਵੱਲੋਂ ਲੋਕਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਥਾਨਕ ਪੁਲਿਸ ਨੇ ਖੁਦ ਦੇ ਲੱਗੇ ਦੋਸ਼ ਨਕਾਰਦਿਆਂ ਕਾਨੂੰਨ ਮੁਤਾਬਕ ਕਾਰਵਾਈ ਦਾ ਦਾਅਵਾ ਕੀਤਾ ਹੈ।
ਸਥਾਨਕ ਵਾਸੀਆਂ ਦਾ ਇਲਜਾਮ ਹੈ ਕਿ ਕਬੱਡੀ ਖਿਡਾਰੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਵੀਡੀਓ ਬਣਾ ਕੇ ਪੁਲਿਸ ਤੱਕ ਪਹੁੰਚਾਉਣ ਦੀ ਹਿੰਮਤ ਦਿਖਾਈ ਪਰ ਨਸ਼ਾ ਤਸਕਰਾਂ ਵੱਲੋਂ ਉਹਨਾਂ ਦੇ ਘਰਾਂ ਵਿੱਚ ਆ ਕੇ ਸ਼ਰੇਆਮ ਕੁੱਟਮਾਰ ਕੀਤੀ ਗਈ। ਜਦੋਂ ਲੋਕਾਂ ਨੇ ਪੁਲਿਸ ਤਕ ਪਹੁੰਚ ਕੀਤੀ ਤਾਂ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੋਸ਼ ਲਾਇਆ ਕਿ ਉਹਨਾਂ ਦੇ ਵਾਰਡ ਦੇ ਵਿੱਚ ਸ਼ਰੇਆਮ ਟੌਫੀਆਂ ਅਤੇ ਸਬਜ਼ੀ ਦੀ ਤਰ੍ਹਾਂ ਨਸ਼ਾ ਵਿੱਕ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੀ ਅਪੀਲ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਇਕ ਬੱਚੇ ਨੇ ਵੀ ਮਾਨਸਾ ਦੇ ਥਾਣਾ ਸਿਟੀ ਟੂ ਦੇ ਐਸਐਚਓ ਤੇ ਦੋਸ਼ ਲਗਾਏ ਗਏ ਕਿ ਨਸ਼ਾ ਤਸਕਰਾਂ ਵੱਲੋਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਐਸਐਚਓ ਨੇ ਨਸ਼ਾ ਤਸਕਰਾਂ ’ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਪਿਤਾ ਦੇ ਸਿਰ  ਵਿੱਚ ਡਾਂਗ ਮਾਰੀ ਜਿਸ ਦੇ ਨਾਲ ਉਹ ਜਖਮੀ ਹੋ ਗਏ ਨੇ।  ਥਾਣਾ ਸਿਟੀ ਟੂ ਦੇ ਐਸਐਚਓ ਗੁਰਤੇਜ ਸਿੰਘ ਨੇ ਪੁਲਿਸ ਤੇ ਲੱਗੇ ਦੇਸ਼ ਨਕਾਰਦਿਆਂ ਕਿਹਾ ਕਿ ਲੜਾਈ ਸਬੰਧੀ ਦੋ ਧਿਰਾਂ ਦੀ ਕਾਲ ਆਈ ਸੀ, ਜਿਸ ਤੋਂ ਬਾਅਦ ਮੌਕੇ ਤੇ ਗਈ ਪੁਲਿਸ ਨੇ ਦੋਵੇਂ ਧਿਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਧਿਰ ਦੇ ਕਈ ਲੋਕਾਂ ਵੱਲੋਂ ਇੱਟਾਂ ਰੋੜੇ ਚਲਾਏ ਗਏ ਜਿਸ ਦੇ ਚਲਦਿਆਂ ਪੁਲਿਸ ਨੇ ਵਿਚਕਾਰ ਪੈ ਕੇ ਦੋਨੇ ਧਿਰਾਂ ਨੂੰ ਹਟਾਇਆ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਜੋ ਨਸ਼ਾ ਤਸਕਰਾਂ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਬੇਬੁਨਿਆਦ ਨੇ ਜਦੋਂ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ।

LEAVE A REPLY

Please enter your comment!
Please enter your name here