ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਲਾਂ ਵਧਣਾ ਜਾਰੀ/ ਹਿਊਮਨ ਰਾਈਟਸ ਸੰਸਥਾ ਦੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ/ ਔਰਤਾਂ ਬਾਰੇ ਵਰਤੀ ਭਾਸ਼ਾ ਨੂੰ ਲੈ ਕੇ ਸਖਤ ਕਾਰਵਾਈ ਦੀ ਮੰਗ

0
2

ਪੰਜਾਬੀ ਵੈੱਬਸੀਰੀਜ਼ ਵਿਚ ਔਰਤਾਂ ਬਾਰੇ ਵਰਤੀ ਭਾਸ਼ਾ ਨੂੰ ਲੈ ਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਪੰਜਾਬੀ ਹਿਊਮਨ ਰਾਈਟਸ ਤੇ ਨੈਸ਼ਨਲ ਐਡਵਾਈਜ਼ਰ ਦੀ ਪ੍ਰਧਾਨ ਡਾ. ਜਸਵਿੰਦਰ ਕੌਰ ਸੋਹਲ ਨੇ ਪੰਜਾਬ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਯੋਗਰਾਜ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਸੋਹਲ ਨੇ ਕਿਹਾ ਕਿ ਵੈੱਬ ਸੀਰੀਜ਼ ਵਿੱਚ ਯੋਗਰਾਜ ਸਿੰਘ ਦਾ ਬੋਲਿਆ ਡਾਇਲਾਗ ਨਾ ਸਿਰਫ਼ ਔਰਤ ਜਾਤੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਸਮਾਜ ਵਿੱਚ ਮਹਿਲਾਵਾਂ ਪ੍ਰਤੀ ਘਟੀਆ ਅਤੇ ਅਸ਼ਲੀਲ ਸੋਚ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਮਨੋਰੰਜਨ ਸਮੱਗਰੀ ਦੇ ਨਾਂ ‘ਤੇ ਮਹਿਲਾਵਾਂ ਨੂੰ ਇਕ ਭੋਗ ਵਸਤੂ ਵਜੋਂ ਦਰਸਾਉਣਾ ਕਦੇ ਵੀ ਸਵੀਕਾਰਯੋਗ ਨਹੀਂ ਹੋ ਸਕਦਾ, ਇਸ ਲਈ ਅਦਾਕਾਰ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸਿਰਫ਼ ਅਦਾਕਾਰ ਹੀ ਨਹੀਂ, ਸਗੋਂ ਵੈੱਬ ਸੀਰੀਜ਼ ਨਾਲ ਜੁੜੇ ਡਾਇਰੈਕਟਰਾਂ, ਪ੍ਰੋਡਿਊਸਰਾਂ, ਰਾਈਟਰਾਂ, ਐਡੀਟਰਾਂ ਅਤੇ ਡਿਜ਼ੀਟਲ ਪਲੇਟਫਾਰਮਾਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਜਾਂਚ ਦੌਰਾਨ ਹੋਰ ਕਿਸੇ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਨੂੰ ਵੀ ਕਾਨੂੰਨ ਅਨੁਸਾਰ ਨਾਮਜ਼ਦ ਕੀਤਾ ਜਾਵੇ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਵੈੱਬ ਸੀਰੀਜ਼ “ਲੋਖੇ” ਅਤੇ ਇਸ ਨਾਲ ਸੰਬੰਧਿਤ ਸਾਰੇ ਅਸ਼ਲੀਲ ਵੀਡੀਓ, ਕਲਿੱਪ ਅਤੇ ਪ੍ਰਮੋਸ਼ਨਲ ਸਮੱਗਰੀ ਨੂੰ ਤੁਰੰਤ ਸੋਸ਼ਲ ਮੀਡੀਆ ਅਤੇ OTT ਪਲੇਟਫਾਰਮਾਂ ਤੋਂ ਹਟਾਇਆ ਜਾਵੇ। ਇਸ ਤੋਂ ਇਲਾਵਾ ਵੈੱਬ ਸੀਰੀਜ਼ ਦੇ ਪ੍ਰਕਾਸ਼ਨ, ਪ੍ਰਸਾਰਣ ਅਤੇ ਡਿਸਪਲੇਅ ‘ਤੇ ਵੀ ਤੁਰੰਤ ਰੋਕ ਲਗਾਈ ਜਾਵੇ।
ਡਾ. ਸੋਹਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਮਹਿਲਾਵਾਂ ਨੂੰ ਸਨਮਾਨ ਅਤੇ ਸਮਾਨਤਾ ਨਾਲ ਜੀਣ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਤਰ੍ਹਾਂ ਦੀ ਅਸ਼ਲੀਲ ਅਤੇ ਮਹਿਲਾ ਵਿਰੋਧੀ ਸਮੱਗਰੀ ਸੰਵੈਧਾਨਕ ਮੂਲਿਆਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਇੱਜ਼ਤ ਅਤੇ ਮਰਿਆਦਾ ਦੀ ਰੱਖਿਆ ਲਈ ਇਸ ਮਾਮਲੇ ਵਿੱਚ ਉਦਾਹਰਨਯੋਗ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਸੰਬੰਧਿਤ ਕਮਿਸ਼ਨਾਂ ਨੂੰ ਅਪੀਲ ਕੀਤੀ ਕਿ ਮਾਮਲੇ ਵਿੱਚ ਤੁਰੰਤ FIR ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਮਹਿਲਾਵਾਂ ਦੀ ਬੇਇਜ਼ਤੀ ਕਰਨ ਦੀ ਹਿੰਮਤ ਨਾ ਕਰ ਸਕੇ।

LEAVE A REPLY

Please enter your comment!
Please enter your name here