ਸਕੂਲ ਸਿੱਖਿਆ ਸੁਧਾਰਾਂ ’ਚ ਪੰਜਾਬ ਸਰਕਾਰ ਦਾ ਵੱਡਾ ਮਾਅਰਕਾ/ ਕੇਰਲਾ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਪਹੁੰਚਿਆ ਪੰਜਾਬ/ ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ

0
3

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਿੱਖਿਆ ਖੇਤਰ ਵਿਚ ਪਹਿਲੇ ਨੰਬਰ ਉਤੇ ਆਉਣ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ  ਸਰਕਾਰ ਦੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਖੇਤਰ ਵਿਚ ਕੇਰਲਾ ਨੂੰ ਪਛਾਣ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ ਜੋ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਸਰਕਾਰ ਦੇ ਵੱਡੇ ਕਦਮ ਤੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ, ਜਿਸ ਲਈ ਇਹ ਸਾਰੇ ਵਧਾਈ ਦੇ ਪਾਤਰ ਹਨ।
ਦੱਸਣਯੋਗ ਹੈ ਕਿ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਕੇਰਲਾ ਨੂੰ ਪਛਾੜ ਕੇ ਦੇਸ਼ ਭਰ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦਾ ਖੁਲਾਸਾ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ ਵਿੱਚ ਹੋਇਆ ਹੈ। ਰੀਪੋਰਟ ਮੁਤਾਬਕ ਪੰਜਾਬ ਨੇ ਤੀਜੀ ਜਮਾਤ ਵਿੱਚ ਭਾਸ਼ਾ ’ਚ 82 ਫ਼ੀਸਦ ਅਤੇ ਗਣਿਤ ਵਿੱਚ 78 ਫ਼ੀਸਦ ਅੰਕ ਹਾਸਲ ਕੀਤੇ, ਜੋ ਕੇਰਲਾ ਦੇ ਕ੍ਰਮਵਾਰ 75 ਅਤੇ 70 ਫ਼ੀਸਦ ਅੰਕਾਂ ਤੋਂ ਵੱਧ ਹਨ। ਨੌਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 52 ਫ਼ੀਸਦ ਅੰਕ ਲਏ ਜੋ ਕੇਰਲਾ ਦੇ 45 ਫ਼ੀਸਦ ਨਾਲੋਂ ਵੱਧ ਹਨ।
ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ 99.9 ਫ਼ੀਸਦ ਸਰਕਾਰੀ ਸਕੂਲਾਂ ਵਿੱਚ ਬਿਜਲੀ ਉਪਲਬਧ ਹੈ, 99 ਫ਼ੀਸਦ ਸਕੂਲਾਂ ਵਿੱਚ ਚਾਲੂ ਹਾਲਤ ਵਾਲੇ ਕੰਪਿਊਟਰ ਹਨ ਅਤੇ 80 ਫ਼ੀਸਦ ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਦਸਵੀਂ ਜਮਾਤ ਦੇ 90 ਫ਼ੀਸਦ ਤੋਂ ਵੱਧ ਵਿਦਿਆਰਥੀ ਹੁਣ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਲੈ ਰਹੇ ਹਨ। ਇਸ ਨਾਲ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ਵਿੱਚ ਗਿਰਾਵਟ ਆਈ ਹੈ ਅਤੇ ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 22:1 ਹੋ ਗਿਆ ਹੈ।
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਕੰਮ ਕੀਤੇ ਹਨ। ਇਸੇ ਲਈ ‘ਸਿੱਖਿਆ ਕ੍ਰਾਂਤੀ ਰੰਗ ਲਿਆਈ ਹੈ ਅਤੇ ਪੰਜਾਬ ਸਿੱਖਿਆ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ  ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਨੂੰ ਅਪਗ੍ਰੇਡ ਕੀਤਾ, ਸਿਸਟਮ ਮਜ਼ਬੂਤ ਕੀਤਾ, ਸਮਾਰਟ ਕਲਾਸਰੂਮਾਂ ਦੀ ਸ਼ੁਰੂਆਤ ਕੀਤੀ ਅਤੇ ਅਧਿਆਪਕਾਂ ਨੂੰ ਉੱਨਤ ਸਿਖਲਾਈ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਪਰ ਯਕੀਨੀ ਤੌਰ ’ਤੇ ਪੰਜਾਬ ਹਰ ਖੇਤਰ ਵਿੱਚ ਨੰਬਰ ਇੱਕ ਸੂਬਾ ਬਣ ਜਾਵੇਗਾ।

LEAVE A REPLY

Please enter your comment!
Please enter your name here