ਪੰਜਾਬ ਕਿਸਾਨ ਆਗੂ ਸਰਵਨ ਪੰਧੇਰ ਨੇ ਘੇਰੀ ਕੇਂਦਰ ਸਰਕਾਰ/ ਤੇਲ ਤੇ ਖਾਦ ਸੰਕਟ ਲਈ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ/ ਦੇਸ਼ ਹਿਤ ਦੇ ਨਾਮ ਤੇ ਜਜ਼ਬਾਤੀ ਕਰਨ ਦੇ ਲਾਏ ਇਲਜ਼ਾਮ By admin - May 11, 2026 0 1 Facebook Twitter Pinterest WhatsApp ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆਂ ਬਿਆਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਅੰਦਰ ਡੀਜ਼ਲ, ਪਟਰੋਲ ਤੇ ਖਾਦਾਂ ਦੀ ਕਿੱਲਤ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਕਾਰਨ ਪੈਦਾ ਹੋਈ ਹੈ ਪਰ ਪ੍ਰਧਾਨ ਮੰਤਰੀ ਲੋਕਾਂ ਨੂੰ ਵਰਤੋਂ ਘਟਾਉਣ ਦਾ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਮੁੜ ਕਰੋਨਾ ਕਾਂਲ ਵਾਂਗ ਜਜ਼ਬਾਤੀ ਕਰ ਕੇ ਖੁਦ ਦੀਆਂ ਨਕਾਮੀਆਂ ਛੁਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਖਾਦਾਂ ਦੀ ਵਰਤੋਂ ਘਟਾਉਣ ਬਾਰੇ ਦਿੱਤੇ ਜਾ ਰਹੇ ਬਿਆਨ ਅਸਲ ਵਿੱਚ ਸਰਕਾਰ ਦੀ ਨਾਕਾਮ ਵਿਦੇਸ਼ ਨੀਤੀ ਨੂੰ ਲੁਕਾਉਣ ਦੀ ਕੋਸ਼ਿਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ “ਦੇਸ਼ ਹਿੱਤ” ਦੇ ਨਾਮ ‘ਤੇ ਲੋਕਾਂ ਨੂੰ ਜਜ਼ਬਾਤੀ ਕਰ ਰਹੀ ਹੈ, ਜਦਕਿ ਦੇਸ਼ ਇਸ ਸਮੇਂ ਗੰਭੀਰ ਆਰਥਿਕ ਅਤੇ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਧੇਰ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਡੀਜ਼ਲ, ਪੈਟਰੋਲ ਅਤੇ ਖਾਦਾਂ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਹਨ, ਉਹ ਸਰਕਾਰ ਦੀ ਗਲਤ ਨੀਤੀਆਂ ਦਾ ਨਤੀਜਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਕੋਲ ਰੂਸ ਤੋਂ ਸਸਤਾ ਤੇਲ ਅਤੇ ਖਾਦ ਲੈਣ ਦਾ ਵਿਕਲਪ ਸੀ, ਪਰ ਅਮਰੀਕਾ ਦੇ ਦਬਾਅ ਹੇਠ ਸਰਕਾਰ ਨੇ ਵੱਖਰੇ ਫੈਸਲੇ ਕੀਤੇ, ਜਿਸ ਕਾਰਨ ਅੱਜ ਦੇਸ਼ ਸੰਕਟ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਪਹਿਲਾਂ ਹੀ ਸੰਕਟ ਦਾ ਅੰਦਾਜ਼ਾ ਸੀ ਤਾਂ ਦੇਸ਼ ਵਿੱਚ ਤੇਲ ਅਤੇ ਖਾਦਾਂ ਦੇ ਯੋਗ ਰਿਜ਼ਰਵ ਕਿਉਂ ਨਹੀਂ ਬਣਾਏ ਗਏ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਸਮੇਂ ਦੇਸ਼ ਵਿੱਚ ਅਨਾਜ ਦੀ ਕਮੀ ਸੀ ਤਾਂ “ਜੈ ਜਵਾਨ, ਜੈ ਕਿਸਾਨ” ਦਾ ਨਾਰਾ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਵੱਧ ਉਤਪਾਦਨ ਲਈ ਖਾਦਾਂ ਅਤੇ ਦਵਾਈਆਂ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਖੇਤੀਬਾੜੀ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਵੀ ਇਹਨਾਂ ਦੀ ਵਰਤੋਂ ਨੂੰ ਸ਼ਾਮਲ ਕੀਤਾ ਗਿਆ ਸੀ। ਹੁਣ ਜੇ ਕੇਂਦਰ ਸਰਕਾਰ ਖਾਦਾਂ ਦੀ ਵਰਤੋਂ ਘਟਾਉਣ ਦੀ ਗੱਲ ਕਰ ਰਹੀ ਹੈ ਤਾਂ ਲੋਕਾਂ ਦੇ ਮਨ ਵਿੱਚ ਸਵਾਲ ਖੜ੍ਹਦੇ ਹਨ ਕਿ ਪਹਿਲਾਂ ਦੀ ਨੀਤੀ ਗਲਤ ਸੀ ਜਾਂ ਮੌਜੂਦਾ ਸਰਕਾਰ ਗਲਤ ਦਿਸ਼ਾ ਵਿੱਚ ਜਾ ਰਹੀ ਹੈ। ਪੰਧੇਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੈਟਰੋਲ, ਡੀਜ਼ਲ ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਸਰਕਾਰ ਪਹਿਲਾਂ ਹੀ ਲੋਕਾਂ ਨੂੰ ਮਨੋਵਿਗਿਆਨਕ ਤੌਰ ‘ਤੇ ਤਿਆਰ ਕਰਨ ਲਈ “ਦੇਸ਼ ਹਿੱਤ” ਦਾ ਜਜ਼ਬਾਤੀ ਕਾਰਡ ਖੇਡ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੀ ਵਿਦੇਸ਼ ਨੀਤੀ ਅਤੇ ਆਰਥਿਕ ਯੋਜਨਾਬੰਦੀ ਦੀ ਕਮੀ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਵੱਡਾ ਬੋਝ ਪੈਣ ਵਾਲਾ ਹੈ। ਕਿਸਾਨ ਆਗੂ ਨੇ ਕੋਵਿਡ-19 ਦੌਰਾਨ ਲਾਗੂ ਕੀਤੀਆਂ ਨੀਤੀਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਹੁਣ ਮੁੜ ਨਵੇਂ ਵਾਇਰਸਾਂ ਦੇ ਨਾਮ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਕਈ ਫੈਸਲੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲਾਗੂ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਿਸਾਨਾਂ ਅਤੇ ਪੱਤਰਕਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮੁੱਖ ਮੰਤਰੀ ਦੇ ਪ੍ਰੋਗਰਾਮ ਹੋਣਗੇ, ਉੱਥੇ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਜਾ ਕੇ ਆਪਣੇ ਸਵਾਲ ਪੁੱਛਣਗੇ। ਪੰਧੇਰ ਨੇ ਕਿਹਾ ਕਿ ਜੇ ਗ੍ਰਿਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਤਾਂ 14 ਮਈ ਨੂੰ ਪਟਿਆਲਾ ਵਿੱਚ ਐਸਐਸਪੀ ਦਫ਼ਤਰ ਅੱਗੇ ਵੱਡਾ ਧਰਨਾ ਦਿੱਤਾ ਜਾਵੇਗਾ। ਇਸਦੇ ਨਾਲ ਹੀ 12 ਮਈ ਨੂੰ ਸਹਿਕਾਰੀ ਸੋਸਾਇਟੀਆਂ ਅਤੇ ਬੈਂਕਾਂ ਦੇ ਅੱਗੇ ਵੀ ਧਰਨੇ ਲਗਾਏ ਜਾਣਗੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਕਰਜ਼ੇ ਵਿੱਚ ਵਾਧਾ ਕੀਤਾ ਜਾਵੇ, ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ ਅਤੇ ਨਵੇਂ ਗਾਹਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।