ਬੇਅਦਬੀ ਕਾਨੂੰਨ ਬਾਰੇ ਮੰਤਰੀ ਬਰਿੰਦਰ ਗੋਇਲ ਦਾ ਬਿਆਨ/ ਸਖਤ ਕਾਨੂੰਨ ਨੂੰ ਦੱਸਿਆ ਪੰਜਾਬ ਸਰਕਾਰ ਦਾ ਅਹਿਮ ਕਦਮ/ ਕਿਹਾ, ਈਡੀ ਦੀਆਂ ਰੇਡ ਦੇ ਕਾਰਨਾਂ ਤੋਂ ਪੰਜਾਬ ਵਾਸੀ ਜਾਣੂ

0
2

 

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਬੇਅਦਬੀਆਂ ਖਿਲਾਫ ਬਣਾਏ ਗਏ ਕਾਨੂੰਨ ਨੂੰ ਪੰਜਾਬ ਸਰਕਾਰ ਦਾ ਅਹਿਮ ਕਦਮ ਕਰਾਰ ਦਿੰਦਿਆਂ ਵਿਰੋਧ ਕਰਨ ਵਾਲਿਆਂ ਨੂੰ ਘੇਰਿਆ ਹੈ। ਸੰਗਰੂਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਇਤਿਹਾਸਕ ਤੇ ਸਖਤ ਫੈਸਲਾ ਲਿਆ ਗਿਆ। ਇਸੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ‘ਸ਼ੁਕਰਾਨਾ ਯਾਤਰਾ’ ਵੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਬਣਨ ਨਾਲ ਹੁਣ ਬੇਅਦਬੀ ਦੋਸ਼ੀਆਂ ਦੇ ਬੱਚ ਕੇ ਨਿਕਲ ਜਾਣਾ ਅਸੰਭਵ ਹੋ ਗਿਆ ਹੈ। ਈਡੀ ਦੀਆਂ ਰੇਡਾਂ ਬਾਰੇ ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਈਡੀ ਦੇ ਕਾਰਨਾਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀਆਂ ਗੈਰ ਸੰਵਿਧਾਨਕ ਕਾਰਵਾਈਆਂ ਦਾ ਡਟ ਕੇ ਮੁਕਾਬਲਾ ਕਰੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੇ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਲਈ ਹੁਣ ਪੰਜਾਬ ਸਰਕਾਰ ਨੇ ਸਖਤ ਕਾਨੂੰਨੀ ਕਦਮ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਦੋਸ਼ੀ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਨਵੇਂ ਕਾਨੂੰਨ ਤਹਿਤ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ  ਅਤੇ 25 ਲੱਖ ਰੁਪਏ ਤੱਕ ਦੇ ਜ਼ੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਫਲਤਾ ਅਤੇ ਗੁਰੂ ਸਾਹਿਬ ਦੀ ਓਟ ਸਦਕਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਿਸ਼ੇਸ਼ ‘ਸ਼ੁਕਰਾਨਾ ਯਾਤਰਾ’ ਕੱਢੀ ਜਾ ਰਹੀ ਹੈ। ਇਹ ਯਾਤਰਾ 6 ਤਰੀਕ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਮਸਤੂਆਣਾ ਸਾਹਿਬ ਪਹੁੰਚ ਰਹੀ ਹੈ। 9 ਤਰੀਕ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲੈ ਕੇ ਵੀ ਅਹਿਮ ਖਬਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹ ਅੱਜ ਉੱਥੇ ਪੇਸ਼ ਹੋਏ ਹਨ। ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਸਪੀਕਰ ਸਾਹਿਬ ਨੇ ਆਪਣੀ ਸ਼ਰਧਾ ਅਤੇ ਨਿਮਰਤਾ ਨਾਲ ਉੱਥੇ ਹਾਜ਼ਰੀ ਲਵਾਈ ਹੈ।
ਈਡੀ ਦੀ ਰੇਡਾਂ ਬਾਰੇ ਉਨ੍ਹਾਂ ਕਿਹਾ ਕਿ ਇਸਦੀ ਭਲੀਭਾਂਤੀ ਸਭ ਨੂੰ ਜਾਣਕਾਰੀ ਹੈ ਕਿ ਈਡੀ ਦੀ ਰੇਡ ਕਿਉਂ ਪੈ ਰਹੀ ਹੈ ਅਤੇ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਨੇ ਉਹ ਅਕਸਰ ਵਧ ਜਾਂਦੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤਰ੍ਹਾਂ ਦੀ ਰੇਡਾਂ ਤੋਂ ਨਾ ਤਾਂ ਡਰਦੀ ਹੈ ਅਤੇ ਨਾ ਹੀ ਪੰਜਾਬ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰੇਗੀ। ਸਗੋਂ ਪੰਜਾਬ ਦੇ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਿਕਾਸ ਕੀਤਾ ਹੈ। ਪੰਜਾਬ ਦੇ ਲੋਕ ਉਸਨੂੰ ਪਸੰਦ ਕਰ ਰਹੇ ਹਨ।

LEAVE A REPLY

Please enter your comment!
Please enter your name here